HomeSliderReviews

Mar Gaye Oye Loko : Movie Review

ਫ਼ਿਲਮ ਸਮੀਖਿਆ : ਇਕਬਾਲ ਸਿੰਘ ਚਾਨਾ ********************************* ਮਰ ਗਏ ਓਏ ਲੋਕੋ : ਕੁੜੀ ਦੇ ਕਾਲਜਾ ਕੱਢ ਕੇ ਲੈ ਜਾਣ ਤੇ ਨਹੀਂ, ਪੰਜਾਬੀ ਫ਼ਿਲਮ ਵਾਲਿਆਂ ਦਾ ‘ਯਮਲੋਕ’ ਵੇਖ

ਗਰੇਟ ਸਰਦਾਰ ‘ਚ ਕੁਝ ਵੀ ਗਰੇਟ ਨਹੀਂ.
ਜੈਜ਼ੀ ਬੀ ਦੇ ਨਵੇਂ ਗਾਣੇ ਦੀ ਗੱਲ ਕਰਦਿਆਂ…
ਹੌਂਸਲਾ ਰੱਖ ਦੀ ਹੋ ਰਹੀ ਹੈ ਰਿਕਾਰਡ ਤੋੜ ਬੁਕਿੰਗ

ਫ਼ਿਲਮ ਸਮੀਖਿਆ : ਇਕਬਾਲ ਸਿੰਘ ਚਾਨਾ
*********************************
ਮਰ ਗਏ ਓਏ ਲੋਕੋ :
ਕੁੜੀ ਦੇ ਕਾਲਜਾ ਕੱਢ ਕੇ ਲੈ ਜਾਣ ਤੇ ਨਹੀਂ,
ਪੰਜਾਬੀ ਫ਼ਿਲਮ ਵਾਲਿਆਂ ਦਾ ‘ਯਮਲੋਕ’ ਵੇਖ ਕੇ !
*********************************


ਪਿਛਲੇ ਚਾਰ ਮਹੀਨਿਆਂ ਤੋਂ ਇੰਗਲੈਂਡ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਦੇ ਸਦਾਬਹਾਰ ਗਾਣੇ “ਕੁੜੀ ਕੱਢ ਕੇ ਕਾਲਜਾ ਲੈ ਗਈ ਮਰ ਗਏ ਓਏ ਲੋਕੋ’ ਨੂੰ ਰੋਜ਼ ਫਿਲਮ ਦੀ ਪਬਲੀਸਿਟੀ ਰਾਹੀਂ ਯਾਦ ਕਰਵਾਉਣ ਲਈ ਫਿਲਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ! ਇਸ ਗੀਤ ਨੇ 30 ਸਾਲ ਪਹਿਲਾਂ ਮਲਕੀਤ ਸਿੰਘ ਨੂੰ ਰਾਤੋ ਰਾਤ ਪੰਜਾਬੀ ਗਾਇਕੀ ਦਾ ਇੰਟਰਨੈਸ਼ਨਲ ਸਟਾਰ ਬਣਾ ਦਿੱਤਾ ਸੀ। ਇਸ ਗਾਣੇ ਨੂੰ ਕੁਝ ਸਮਾਂ ਪਹਿਲਾਂ ਮਲਕੀਤ ਅਤੇ ਗਿੱਪੀ ਨੇ ਦੋਬਾਰਾ ਇਕੱਠਿਆਂ ਵੀ ਰਿਕਾਰਡ ਕੀਤਾ ਸੀ। ਤੇ ਤਿੰਨ ਦਹਾਕੇ ਬਾਅਦ ਵੀ ਗਾਣੇ ਨੂੰ ਮਿਲੀ ਸਫਲਤਾ ਤੋਂ ਪ੍ਰਭਾਵਤ ਹੋ ਕੇ ਫਿਲਮ ਦਾ ਟਾਈਟਲ ‘ਮਰ ਗਏ ਓਏ ਲੋਕੋ’ ਰੱਖ ਕੇ ਦਰਸ਼ਕਾਂ ਅੱਗੇ ਪਰੋਸ ਦਿੱਤਾ ਗਿਆ। ਫਿਲਮ ਦੇ ਅੰਤ ਵਿਚ ਦੋਹਾਂ ਗਾਇਕਾਂ ਉੱਤੇ ਫਿਲਮਾਇਆ ਗਿਆ ‘ਅਸਲੀ ਗੀਤ’ ਵੀ ਹੈ। ਸੱਚ ਪੁੱਛੋਂ ਤਾਂ ਸਾਰੀ ਫਿਲਮ ਇੱਕ ਪਾਸੇ ਰੱਖ ਲਵੋ ਤੇ ਗੀਤ ਦੂਜੇ ਪਾਸੇ ਤਾਂ ਗੀਤ ਵਧੀਆ ਹੈ !

ਗੱਲ ਫਿਲਮ ਦੀ ਕਰੀਏ ਤਾਂ ਲੱਗਦਾ ਸੀ ਕਿ ਇਹ ਇਕ ਬਹੁਤ ਵਧੀਆ ਰੋਮਾੰਟਿਕ ਕਾਮੇਡੀ ਹੋਵੇਗੀ। ਪਰ ਫਿਲਮ ਵਿਚ ਅਜਿਹਾ ਕੁਝ ਨਹੀਂ। ਇਥੇ ਸਿਰਫ ‘ਮੁਰਦਿਆਂ’ ਦੀ ਕਾਮੇਡੀ ਹੈ। ਕਹਾਣੀ ਤੇ ਸਕ੍ਰੀਨਪਲੇ ਗਿਪੀ ਗਰੇਵਾਲ ਨੇ ਖੁਦ ‘ਤਿਆਰ’ ਕੀਤਾ ਹੈ। ਫਿਲਮ ਦਾ ਬੇਸਿਕ ਆਈਡੀਆ 50 ਸਾਲ ਪਹਿਲਾਂ ਰਾਜਿੰਦਰ ਕੁਮਾਰ ਤੇ ਸਾਇਰਾ ਬਾਨੋ ਨੂੰ ਲੈ ਕੇ ਬਣਾਈ ਗਈ ਡਾਇਰੈਕਟਰ ਲੇਖ ਟੰਡਨ ਦੀ ਸਦਾਬਹਾਰ ਰੋਮਾਂਟਿਕ ਕਾਮੇਡੀ ‘ਝੁਕ ਗਯਾ ਆਸਮਾਨ’ ਤੋਂ ਲਿਆ ਗਿਆ ਹੈ। ਉਸ ਫਿਲਮ ਵਿਚ ਯਮਦੂਤ ਗ਼ਲਤੀ ਨਾਲ ਰਾਜਿੰਦਰ ਕੁਮਾਰ ਨੂੰ ‘ਯਮਲੋਕ’ ਲੈ ਜਾਂਦਾ ਹੈ, ਤੇ ਵਾਪਸ ਲਿਆ ਕੇ ਓਸੇ ਸ਼ਕਲ ਦੇ ਰਾਜਿੰਦਰ ਕੁਮਾਰ ਦੇ ਸਰੀਰ ਵਿਚ ਦਾਖ਼ਲ ਕਰ ਦਿੰਦਾ ਹੈ। ਇੱਥੇ ਗਿੱਪੀ ਨੂੰ ਗਲਤੀ ਨਾਲ ਲੈ ਜਾਣ ਪਿੱਛੋਂ ਵਾਪਸ ਲਿਆ ਕੇ ਉਸਦੀ ਆਤਮਾ ਨੂੰ ਬੀਨੂ ਢਿੱਲੋਂ ਦੇ ਮੁਰਦਾ ਸਰੀਰ ਵਿਚ ਦਾਖਲ ਕਰ ਦਿੱਤਾ ਜਾਂਦਾ ਹੈ। ਤੇ ਹੀਰੋਇਨ ਨੂੰ ਅੰਤ ਵਿਚ ਬੀਨੂ ਦੇ ਸਰੀਰ ਵਿਚ ਗਿੱਪੀ ਦੀ ਆਤਮਾ ਮਹਿਸੂਸ ਹੋਣ ਲੱਗ ਪੈਂਦੀ ਹੈ… ਫਿਰ ਜੱਫੀ ਪੱਪੀ ਤੇ ਮਲਕੀਤ ਸਿੰਘ ਦਾ ਟਾਈਟਲ ਗੀਤ ! ਉਸ ਫਿਲਮ ਵਿਚ ਬੇਹੱਦ ਖੂਬਸੂਰਤ ਗੀਤ ਸਨ, ਲੋਕੇਸ਼ਨਾਂ ਸਨ, ਪਰ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ। ਹਾਲਾਂਕਿ ਗਿੱਪੀ ਇੱਕ ਗਾਇਕ ਹੈ, ਤੇ ਉਸ ਨੂੰ ਫਿਲਮ ਦੇ ਸੰਗੀਤ ਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ, ਪਰ ਲਗਦਾ ਹੈ ਕਿ ਕਿ ਗਾਇਕੀ ਨਾਲੋਂ ਜਿਆਦਾ ਕਾਹਲੀ ਉਸਨੂੰ ਫਟਾਫਟ ਫ਼ਿਲਮਾਂ ਬਣਾ ਕੇ ਆਪਣੇ ਸਟਾਰਡਮ ਨੂੰ ਕੈਸ਼ ਕਰਨ ਦੀ ਹੈ। ‘ਤੂੰ ਕੌਣ ਮੈਂ ਖਾਹਮਖਾਹ’ ਵਾਂਙ ਸਾਡਾ ਪੰਜਾਬੀ ਸਟਾਰਾਂ ਨੂੰ ਸਲਾਹ ਦੇਣ ਦਾ ਕੋਈ ਹੱਕ ਨਹੀਂ, ਪਰ ਫਿਰ ਵੀ ਕਹਿਣਾ ਚਾਹਾਂਗਾ ਕਿ ਫਟਾਫਟ ਰੋਟੀਆਂ ਲਾਹੁਣ ਵਾਂਙ ਫ਼ਿਲਮਾਂ ਬਣਾਓਗੇ ਤਾਂ ਕੈਰੀਅਰ ਢਲਾਣ ਵੱਲ ਨੂੰ ਤੁਰ ਪਵੇਗਾ ! ਹਰ ਤੀਜੇ ਮਹੀਨੇ ਤਾਂ ਦਰਸ਼ਕ ਆਮਿਰ ਖਾਨ ਜਾਂ ਸਲਮਾਨ ਖਾਨ ਦੀਆਂ ਫ਼ਿਲਮਾਂ ਤੋਂ ਵੀ ਉਕਤਾ ਜਾਂਦੇ ਹਨ, ਤੇ ਉਹ ਇਸ ਦੇ ਨਤੀਜੇ ਭੁਗਤ ਚੁੱਕੇ ਹਨ। ਫਿਲਮ ਨੂੰ ਭਾਰਤ ਵਿਚ ਪਹਿਲੇ ਦਿਨ ਸਵਾ ਕੁ ਕਰੋੜ ਦੀ ਓਪਨਿੰਗ ਲੱਗੀ ਹੈ, ਜੋ ਤੱਸਲੀਬਖਸ਼ ਕਹੀ ਜਾ ਸਕਦੀ ਹੈ, ਜਦ ਕਿ ‘ਕੈਰੀ ਆਨ ਜੱਟਾ -2’ ਦੀ ਤਿੰਨ ਕਰੋੜ ਦੇ ਆਸ ਪਾਸ ਸੀ। ਸਮਝਣ ਵਾਲਿਆਂ ਲਈ ਇਹ ਫਿੱਗਰ ਹੀ ਕਾਫੀ ਹੈ!

ਕਲਾਕਾਰਾਂ ਦੀ ਗੱਲ ਕਰੀਏ ਤਾਂ ਬਾਜ਼ੀ ਬੀਨੂ ਢਿੱਲੋਂ ਮਾਰ ਗਿਆ ਹੈ । ਗਿੱਲ ਬਾਈ ਦਾ ਆਪਣਾ ‘ਬਦਮਾਸ਼ੀ ਕਿਰਦਾਰ’ ਉਸ ਨੇ ਵਧੀਆ ਨਿਭਾਇਆ ਹੈ। ਗਿੱਪੀ ਗਰੇਵਾਲ ਉਸਦੇ ਸਾਹਮਣੇ ਫਿੱਕਾ ਰਹਿ ਗਿਆ ਹੈ। ਹੀਰੋਇਨ ਸਪਨਾ ਪੱਬੀ ਵੀ ਸਾਧਾਰਨ ਹੈ। ਘੁੱਗੀ ਸਮੇਤ ਪੰਜਾਬੀ ਫ਼ਿਲਮਾਂ ਚ ਕਾਮੇਡੀ ਕਰਨ ਵਾਲੇ ਸਾਰੇ ‘ਚਿੜੀਆਂ ਤੋਤੇ’ ਇਸ ਫਿਲਮ ਵਿਚ ‘ਪਰਲੋਕ ਵਾਸੀ’ ਹਨ। ਪਰ ਐਕਟਿੰਗ ਦੇ ’ਪੰਚ’ਉਨ੍ਹਾਂ ਦੇ ਉਹੋ ਜਿਹੇ ਹਨ, ਜੋ ਉਹ ‘ਮਾਤਲੋਕ’ ਕਿਰਦਾਰਾਂ ਵਿਚ ਨਿਭਾਉਂਦੇ ਆ ਰਹੇ ਹਨ। ਡਾਕਟਰ ਬੀ ਐੱਨ ਸ਼ਰਮਾ ਤੇ ਨਰਸ ਪਰਮਿੰਦਰ ਸੰਧੂ ਦੇ ਸ਼ੁਰੁਆਤੀ ਸੀਨ ਵਿਚ ਲੱਗਿਆ ਕਿ ਡਾਕਟਰ ਨਰਸ ਦੀ ਕਾਮੇਡੀ ਦੇ ਕੁਝ ਅਲਗ ‘ਪੰਚ’ ਵੇਖਣ ਨੂੰ ਮਿਲਣਗੇ, ਪਰ ਸਭ ਕੁਝ ਬੀ ਐੱਨ ਸ਼ਰਮਾ ਦੀ ‘ਥੱਪੜ’ ਖਾਣ ਵਾਲੀ ਉਬਾਊ ਕਾਮੇਡੀ ਵਿਚ ਦੱਬ ਕੇ ਰਹਿ ਗਿਆ। ਕਮਲਜੀਤ ਅਨਮੋਲ ਕੋਲ ਵੀ ਕਾਮੇਡੀ ਦੇ ਪੰਚ ਮੁੱਕ ਗਏ ਲਗਦੇ ਹਨ। ਫ਼ਿਲਮਾਂ ਵਿਚ ਵਿੰਗੇ ਟੇਢੇ, ਚਿੱਬੇ ਤੇ ਹਕਲਾਉਣੇ ਕਿਰਦਾਰਾਂ ਤੋਂ ਬਿਨਾ ਉਸਦੀ ਸੁਭਾਵਕ ਕਾਮੇਡੀ ਲਾਪਤਾ ਹੋ ਗਈ ਹੈ। ਜਸਵਿੰਦਰ ਭੱਲਾ ਵੀ ਹੁਣ ਹਰ ਫਿਲਮ ਵਿਚ ‘ਫਲਰਟ’ ਕਰਨ ਜੋਗਾ ਹੀ ਰਹਿ ਗਿਆ ਹੈ।

ਡਾਇਰੈਕਟਰ ਸਿਮਰਜੀਤ ਸਿੰਘ ਨੇ ਇਸ ਫਿਲਮ ਵਿਚ ਨਿਰਾਸ ਹੀ ਕੀਤਾ ਹੈ। ਲਗਦਾ ਹੀ ਨਹੀਂ ਕਿ ਇਹ ਫਿਲਮ ‘ਅੰਗਰੇਜ਼’ ਤੇ ‘ਨਿੱਕਾ ਜ਼ੈਲਦਾਰ’ ਜਿਹੀਆਂ ਫ਼ਿਲਮਾਂ ਦੇ ਡਾਇਰੈਕਟਰ ਦੀ ਡਾਇਰੈਕਟ ਕੀਤੀ ਹੋਈ ਹੈ।
-ਇਕਬਾਲ ਸਿੰਘ ਚਾਨਾ (ਪ੍ਰਸਿੱਧ ਪੰਜਾਬੀ ਫ਼ਿਲਮਸਾਜ਼ ਤੇ ਫ਼ਿਲਮੀ ਆਲੋਚਕ )

 

COMMENTS

WORDPRESS: 0
DISQUS: 0