HomeSliderHot News

ਹੌਂਸਲਾ ਰੱਖ ਦੀ ਗੱਲ ਕਰਦਿਆਂ

ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਦੀ ਸਟਾਰਕਾਸਟ ਵਾਲੀ ਪੰਜਾਬੀ ਫ਼ਿਲਮ 'ਹੌਂਸਲਾ ਰੱਖ' ਨਿਤ ਨਵੇਂ ਰਿਕਾਰਡ ਬਣਾ ਰਹੀ ਹੈ.....ਕੋਵਿਡ ਨੂੰ ਮੂਧੇ ਮੂ

ਪੈਸੇ ਦਾ ਪੁੱਤ ਬਣਿਆਂ ਬੱਬੂ ਮਾਨ
ਦਿਲਜੀਤ ਸਿਆਂ ਦਿਲਜੀਤ ਈ ਰਹੀਂ ….
Movie Review | Manje Bistre | Gippy Grewal | Sonam Bajwa

ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਦੀ ਸਟਾਰਕਾਸਟ ਵਾਲੀ ਪੰਜਾਬੀ ਫ਼ਿਲਮ ‘ਹੌਂਸਲਾ ਰੱਖ’ ਨਿਤ ਨਵੇਂ ਰਿਕਾਰਡ ਬਣਾ ਰਹੀ ਹੈ…..ਕੋਵਿਡ ਨੂੰ ਮੂਧੇ ਮੂੰਹ ਸੁੱਟਣ ਵਾਲੀ ਇਹ ਪਹਿਲੀ ਇੰਡੀਅਨ ਫਿਲਮ ਬਣ ਗਈ ਹੈ…. ਜੇ ਕੋਵਿਡ ਦੀਆਂ ਪਾਬੰਦੀਆਂ ਨਾਂ ਹੁੰਦੀਆਂ ਤਾਂ ਇਸ ਫ਼ਿਲਮ ਨੇ ਹੋਰ ਕੀ ਕੀ ਕਰਨਾ ਸੀ ਇਹ ਸਭ ਨੂੰ ਪਤਾ ਹੈ.
ਸੋਸ਼ਲ ਮੀਡੀਆ ਤੇ ਨੈਸ਼ਨਲ ਲੈਵਲ ਤੀਕਰ ਇਸ ਫ਼ਿਲਮ ਦੀ ਰੱਜ ਕੇ ਤਰੀਫ ਹੋਈ ਹੈ…ਪਰ ਪੰਜਾਬੀ ਮੀਡੀਏ ਤੇ ਪੰਜਾਬੀ  ਦੇ ਬਹੁਤੇ ਫਿਲਮ ਸਮੀਖਿਆਕਾਂ ਨੇ ਬਹੁਤੀ ਗੱਲ ਨਹੀਂ ਗੌਲੀ…. ਜਦੋਂ ਵੀ ਕੋਈ ਪੰਜਾਬੀ ਫ਼ਿਲਮ ਨੈਸ਼ਨਲ ਪੱਧਰ ਤੇ ਆਪਣੇ ਝੰਡੇ ਗੱਡਦੀ ਹੈ ਤਾਂ ਉਸਦਾ ਬੜੇ ਮਾਣ ਨਾਲ ਜ਼ਿਕਰ ਕਰਨਾ ਬਣਦਾ ਹੈ ਪਰ ਨਹੀਂ ਅਸੀਂ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲਈ ਬੈਠੇ ਹਾਂ…. ਸਾਡੀਆਂ ਕਲਮਾਂ ਧੜੇਬੰਦੀ ਦੀ ਦਵਾਤ ‘ਚੋ ਡੋਕੇ ਲੈਂਦੀਆਂ ਹਨ …ਜਿਸਤੋਂ ਸਾਨੂੰ ਖੁੰਦਕ ਹੈ ਉਸਦੀ ਪ੍ਰਾਪਤੀ ਦਾ ਜ਼ਿਕਰ ਕਰਨ ਵੇਲੇ ਸਾਡੀ ਕਲਮ ਨੂੰ ਬਦਹਜ਼ਮੀ ਹੋ ਜਾਂਦੀ ਹੈ ਜਾਂ ਸੱਪ ਸੁੰਘ ਜਾਂਦਾ ਹੈ……ਮੇਰੇ ਕੁੱਝ ਪੱਤਰਕਾਰ ਦੋਸਤ ਅਕਸਰ ਪੰਜਾਬੀ ਸਿਨਮੇ ਦੇ ਖ਼ੈਰ ਖਾਹ ਹੋਣ ਦਾ ਦਿਖਾਵਾ ਕਰਦੇ ਹਨ…ਪਰ ਜਦੋਂ ਹੱਲਾਸ਼ੇਰੀ ਦੇਣ ਦਾ ਵਕਤ ਹੁੰਦਾ ਹੈ ਤਾਂ ਉਹਨਾਂ ਦੀਆਂ ਕਲਮਾਂ ਸਦਮੇ ‘ਚਲੇ ਜਾਂਦੀਆਂ ਹਨ.
ਪੰਜਾਬੀ ਦੇ ਫਿਲਮਕਾਰ, ਸੋਸ਼ਲ ਮੀਡੀਆ ਚੈਨਲ ਤੇ ਅਖਬਾਰ ਇਹੋ ਜਿਹੇ ਮੌਕਿਆਂ ਤੇ ਮੂੰਹ ‘ਚ ਘੁੰਗਣੀਆਂ ਪਾ ਲੈਂਦੇ ਹਨ।
ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿਨਮਾ ਹੋਰ ਤਰੱਕੀਆਂ ਕਰੇ ਤੇ ਹਿਰ ਬੁਲੰਦੀਆਂ ਛੋਹੇ ਤਾਂ ਚੰਗੀਆਂ ਚੀਜ਼ਾਂ ਦੀ ਤਾਰੀਫ ਕਰਨੀ ਬਣਦੀ ਹੈ….ਮਾੜੀਆਂ ਫ਼ਿਲਮਾਂ ਨੂੰ ਅਸੀਂ ਰੱਜ ਕੇ ਨਿੰਦਦੇ ਹਾਂ ਪਰ ਚੰਗੀ ਚੀਜ਼ ਦਾ ਜ਼ਿਕਰ ਕਰਨਾ ਮੁਨਾਸਿਬ ਨਹੀਂ ਸਮਝਦੇ।
ਤਰੱਕੀ ਕਰਨੀ ਹੈ ਤਾਂ ਇਸ ਈਰਖਾ ਤੇ ਧੜੇਬੰਦੀ ਦੀ ਗਰਕਣ ‘ਚੋ ਸਾਨੂੰ ਬਾਹਰ ਨਿਕਲਣਾ ਪਵੇਗਾ।
ਪਰ ਹਾਂ ‘ਯੇ ਜੋ ਪਬਲਿਕ ਹੈ,ਸਭ ਜਾਨਤੀ ਹੈ’ ਫ਼ਿਲਮਾਂ ਲੋਕਾਂ ਲਈ ਬਣਦੀਆਂ ਹਨ ਤੇ ਲੋਕਾਂ ਦੇ ਸਿਰ ਤੇ ਹੀ ਚੱਲਦੀਆਂ ਹਨ…..ਹੌਂਸਲਾ ਰੱਖ ਨੇ ਸਾਬਿਤ ਕਰ ਦਿੱਤਾ ਹੈ ਕੇ ਜੇ ਫਿਲਮ ਦਾ ਕੰਟੈਂਟ ਵਧੀਆ ਹੈ ਤੇ ਉਸਨੂੰ ਵਧੀਆ ਤਰੀਕੇ ਨਾਲ ਨਿਭਾਇਆ ਗਿਆ ਹੈ ਤਾਂ ਉਸਨੂੰ ਉਹ ਸਿਰ ਅੱਖਾਂ ਤੇ ਕਬੂਲਦੇ ਹਨ…ਫਿਲਮ ਵਿੱਚ ਕਮੇਡੀਅਨਾ ਦੀ ਧਾੜ ਲੈਣ ਦੀ ਵੀ ਜਰੂਰਤ ਨਹੀਂ…ਉਹੀ ਪੁਰਾਣੇ ਚਿਹਰੇ ਵਾਰ ਵਾਰ ਦੁਹਰਾਉਣ ਦੀ ਵੀ ਲੋੜ ਨਹੀਂ ….ਇਸ ਫ਼ਿਲਮ ਨੇ  ਰਿਕਰਡ ਹੀ ਨਹੀਂ ਤੋੜੇ,ਪੰਜਾਬੀ ਫ਼ਿਲਮ ਦੀਆਂ ਕਈ ਮਿੱਥਾਂ ਨੂੰ ਵੀ ਤੋੜਿਆ ਹੈ…ਹੀਰੋ ਦੇ ਨਾਲ ਕੋਈ ਯਾਰ ਦੋਸਤ ਕਮੇਡੀਅਨ ਨਹੀਂ ਉਸਦਾ ਪੁੱਤਰ ਹੈ….ਪਿਓ ਪੁੱਤ ਦੇ ਰਿਸ਼ਤੇ ਤੇ ਬਣਨ ਵਾਲੀ ਇਹ ਪਹਿਲੀ ਪੰਜਾਬੀ ਫਿਲਮ ਹੈ….ਫਿਲਮ ‘ਚ ਕੋਈ ਲੁੱਚ ਘੜੀਚੀਆਂ ਨਹੀਂ ਇੱਕ ਸਾਦੀ ਜਿਹੀ ਕਹਾਣੀ ਨੂੰ ਬੇਹਤਰੀਨ ਢੰਗ ਨਾਲ ਫਿਲਮਾਇਆ ਗਿਆ ਹੈ….ਢਾਈ ਘੰਟੇ ਦੀ ਫਿਲਮ ‘ਚ ਤੁਸੀਂ ਇਕ ਮਿੰਟ ਲਈ ਵੀ ਨਹੀਂ ਅੱਕਦੇ…..ਦਿਲਜੀਤ ਤੇ ਸ਼ਿੰਦੇ ਨੇ ਮਾਅਰਕੇ ਦਾ ਕੰਮ ਕੀਤਾ ਹੈ, ਸ਼ਿੰਦਾ ਜਨਮ ਜਾਤ ਅਦਾਕਾਰ ਲੱਗਿਆ ਐਨੀ ਛੋਟੀ ਉਮਰ ‘ਚ ਇਹੋ ਜਿਹੀ ਅਦਾਕਾਰੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ…ਦਿਲਜੀਤ ਦਾ ਕਹਿਣਾ ਬਿਲਕੁਲ ਸਹੀ ਹੈ ਕੇ ਸ਼ਿੰਦਾ ਆਪਣੇ ਪਿਓ ਗਿੱਪੀ ਨਾਲੋਂ ਵੀ ਦੋ ਰਤੀਆਂ ਉੱਤੇ ਹੈ……ਸ਼ਿੰਦਾ ਗਰੇਵਾਲ ਫਿਲਮ ਦੀ ਇੱਕ ਸੁਪਰਹੀਰੋ ਹੈ, ਜਿਸ ਨੇ ਇਹ ਯਕੀਨੀ ਬਣਾਇਆ ਕਿ ਉਹ ਕੋਈ ਕਸਰ ਬਾਕੀ ਨਹੀਂ ਛੱਡੇਗਾ ਦਿਲਜੀਤ ਤੇ ਸ਼ਿੰਦੇ ਦੀ ਆਪਸੀ ਟਿਊਨਿੰਗ ਕਮਾਲ ਦੀ ਹੈ, ਉਹ ਵਾਕਿਆ ਹੀ ਸਹੀ ਪਿਓ ਪੁੱਤ ਦੀ ਜੋੜੀ ਲਗਦੇ ਹਨ……ਪੂਰੀ ਕਹਾਣੀ ਇਕੱਲੇ ਪਿਤਾ ਦੇ ਬੱਚੇ ਨੂੰ ਪਾਲਣ ਲਈ ਕੀਤੇ ਸੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ। ਦਿਲਜੀਤ ਆਪਣੇ ਬੇਟੇ ਲਈ ਇੱਕ ਚੰਗੀ ਮਾਂ ਦੀ ਭਾਲ ਕਰਦਾ ਹੈ ਅਤੇ ਆਪਣੇ ਪੁਰਾਣੇ ਪਿਆਰ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਹੈ। ਕੀ ਉਹ ਸ਼ਹਿਨਾਜ਼ ਅਤੇ ਉਸ ਦੇ ਬੱਚੇ ਦੀ ਚੰਗੀ ਪਰਵਰਿਸ਼ ਕਰ ਸਕੇਗਾ? ਕੀ ਵੱਖ ਹੋਣ ਤੋਂ ਬਾਅਦ ਦਿਲਜੀਤ ਨੂੰ ਮਿਲ ਸਕੇਗੀ ਸ਼ਹਿਨਾਜ਼? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ ਤੁਹਾਨੂੰ ਇਹ ਫਿਲਮ ਦੇਖਣੀ ਪਵੇਗੀ
ਇਹ ਇੱਕ ਹਲਕੇ ਫੁਲਕੇ ਪਲਾਟ ਵਾਲੀ ਕਾਮੇਡੀ ਫਿਲਮ ਹੈ ਜਿਸਦਾ ਪਲਾਟ ਬਹੁਤ ਆਮ ਹੈ। ਇਸ ਨੂੰ ਮਜ਼ਾਕੀਆ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ‘ਚ ਪਿਓ-ਪੁੱਤ ਦੀ ਸਾਂਝ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ, ਜੋ ਤੁਹਾਨੂੰ ਰੋਣ ਦੀ ਬਜਾਏ ਹੱਸਣ ਲਈ ਮਜਬੂਰ ਕਰ ਦੇਵੇਗਾ। ਦਿਲਜੀਤ ਅਜਿਹੇ ਕਿਰਦਾਰਾਂ ਦਾ ਮਾਸਟਰ ਹੈ, ਉਹ ਅਜਿਹੇ ਕਿਰਦਾਰਾਂ ਵਿੱਚ ਆਸਾਨੀ ਨਾਲ ਘੁਸ ਜਾਂਦਾ ਹੈ, ਜਿਵੇਂ ਉਹ ਅਦਾਕਾਰੀ ਨਹੀਂ, ਸਗੋਂ ਉਸ ਦੀ ਅਸਲ ਜ਼ਿੰਦਗੀ ਹੋਵੇ.
ਇਸ ਫਿਲਮ ‘ਚ ਸ਼ਹਿਨਾਜ਼ ਗਿੱਲ ਕਾਫੀ ਕਿਊਟ ਲਗਦੀ ਹੈ। ਹਾਲਾਂਕਿ ਦਿਲਜੀਤ ਜ਼ਿਆਦਾ ਫੋਕਸ ‘ਚ ਰਿਹਾ ਹੈ ਪਰ ਜਿੰਨਾ ਸ਼ਹਿਨਾਜ਼ ਦੇ ਹਿੱਸੇ ਆਇਆ, ਉਸ ਨੇ ਵਧੀਆ ਕੰਮ ਕੀਤਾ ਹੈ। ਫਿਲਮ ‘ਚ ਸੋਨਮ ਬਾਜਵਾ ਵਾਹਵਾ ਹੌਟ ਲਗਦੀ ਹੈ, ਉਹ ਪੰਜਾਬੀ ਸਿਨੇਮਾ ਦੀ ਥੰਮ ਅਦਾਕਾਰਾ ਬਣ ਚੁੱਕੀ ਹੈ, ਉਸ ਦੀ ਦਿਲਜੀਤ ਤੇ ਸ਼ਿੰਦੇ ਨਾਲ ਬੌਂਡਿੰਗ ਬਹੁਤ ਕਿਊਟ ਲਗਦੀ ਹੈ.
ਫਿਲਮ  ਦੀ ਕਹਾਣੀ ਸਰਲ ਹੋਣ ਦੇ ਬਾਵਜੂਦ, ਸਕ੍ਰੀਨਪਲੇਅ ਬਹੁਤ ਦਿਲਚਸਪ ਹੈ। ਦਿਲਜੀਤ ਦਾ ਮਜ਼ਾਕੀਆ ਅੰਦਾਜ਼ ਤੁਹਾਨੂੰ ਤਰੋ ਤਾਜ਼ਾ ਰੱਖਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿਲਜੀਤ ਪੰਜਾਬੀ ਸਿਨੇਮਾ ਦਾ ਸੁਪਰਸਟਾਰ ਹੈਅਤੇ ਉਸ ਦੀ ਹਰ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ ਅਤੇ ਉਹ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਕਦੇ ਨਿਰਾਸ਼ ਵੀ ਨਹੀਂ ਕਰਦਾ।
ਅਤੇ ਜਦੋਂ ਅਸੀਂ ਸ਼ਹਿਨਾਜ਼ ਬਾਰੇ ਗੱਲ ਕਰਦੇ ਹਾਂ, ਤਾਂ ਕਹਿਣਾ ਬਣਦਾ ਹੈ, ਉਸ ਦਾ ਪ੍ਰਦਰਸ਼ਨ ਸ਼ਾਨਦਾਰ ਅਤੇ ਸਾਡੀਆਂ ਉਮੀਦਾਂ ਤੋਂ ਪਰੇ ਨਿਕਲਿਆ।  , ਸ਼ਹਿਨਾਜ਼ ਨੇ ਨਿਸ਼ਚਤ ਤੌਰ ‘ਤੇ ਆਪਣੇ ਪ੍ਰਦਰਸ਼ਨ ਵਿੱਚ ਬਹੁਤ ਸਖਤ ਮਿਹਨਤ ਕੀਤੀ ਹੈ, ਜਦੋਂ ਉਹ ਸਕ੍ਰੀਨ ‘ਤੇ ਹੁੰਦੀ ਹੈ ਤਾਂ ਇਹ ਮਿਹਨਤ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਉਸਦੀ ਅਦਾਕਾਰੀ ਦੇ ਹੁਨਰ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਜੇਕਰ ਤੁਸੀਂ ਇਸ ਫਿਲਮ ਦੀ ਤੁਲਨਾ ਉਸਦੇ ਪਿਛਲੇ ਪ੍ਰੋਜੈਕਟਾਂ ਨਾਲ ਕਰੋ ਤਾਂ ਇਸਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਫਿਲਮ ਦਾ ਨਿਰਦੇਸ਼ਨ ਸਲਾਹੁਣਯੋਗ ਹੈ,ਐਡੀਟਿੰਗ ਕਮਾਲ ਦੀ ਹੈ ਤੇ ਬਲਜੀਤ ਦਿਓ ਦੀ ਫੋਟੋਗ੍ਰਾਫੀ ਦੇ ਤਾਂ ਕਿਆ ਕਹਿਣੇ!
ਇਹ ਨਹੀਂ ਕਿ ਫਿਲਮ ‘ਚ ਕੋਈ ਖਾਮੀ ਨਹੀਂ ਪਰ ਇਹਨਾਂ ਨੁਕਸਾਂ ਨੂੰ  ਸਹਿਜੇ ਹੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਜਿਵੇ ਇਕ ਓਵਰ ਵੇਟ ਗੋਰੀ ਵਾਲਾ ਸੀਨ ਪਾਰਕ ਵਿੱਚ ਆਪਣਾ ਬੱਚਾ ਕਿਸੇ ਹੋਰ ਨੂੰ ਜ਼ਬਰਦਸਤੀ ਦੇਣ ਵਾਲਾ ਸੀਨ ਜੇ ਨਾਂ ਵੀ ਹੁੰਦਾ ਤਾਂ ਵੀ ਫਿਲਮ ਨੂੰ ਕੋਈ ਫਰਕ ਨਹੀਂ ਸੀ ਪੈਣਾ…ਫਿਲਮ ਦੇ ਗੀਤ ਹਿੱਟ ਹਨ ਪਰ ਜੇ ਇਹ ਸਟੋਰੀ ਨਾਲ ਮੇਲ ਕਰਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ.
ਫਿਲਮ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਹਨਾਂ ਗੱਲਾਂ ਵੱਲ ਦਰਸ਼ਕਾਂ ਦਾ ਧਿਆਨ ਹੀ ਨਹੀਂ ਜਾਂਦਾ। ਰਾਕੇਸ਼ ਧਵਨ ਨੇ  ਫਿਲਮ ਦੇ ਡਾਇਲਾਗ ਬੜੇ ਜ਼ਬਰਦਸਤ ਲਿਖੇ ਹਨ , ਦਿਲਜੀਤ ਤੇ ਸ਼ਿੰਦੇ ਦੇ ਮੂੰਹੋਂ ਪੋਲੇ ਪੋਲੇ ਨਿਕਲੇ ਇਹ ਡਾਇਲਾਗ ਹੋਰ ਵੀ ਵਧੀਆ ਲਗਦੇ ਹਨ।
ਫਿਲਮ ਦੀ ਪੇਸ਼ਕਾਰੀ ਤੇ ਸਫਲਤਾ ਤੋਂ ਬਾਲੀਵੁਡ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ। ਪੰਜਾਬੀ ਸਿਨਮੇ ਨੂੰ ਇਹ ਤੋਹਫਾ ਦੇਣ ਲਈ ਦਿਲਜੀਤ ਤੇ ਉਸਦੀ ਪੂਰੀ ਟੀਮ ਦਾ ਦਿਲੋਂ ਧਨਵਾਦ !

COMMENTS

WORDPRESS: 0
DISQUS: 0