HomeSliderReviews

ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !

ਫਿਲਮ ਸਮੀਖਿਆ: ਇਕਬਾਲ ਸਿੰਘ ਚਾਨਾ **************************** ‘ਪ੍ਰਾਹੁਣਾ’ ...ਤੇ ‘ਕੁੜਮਾਈਆਂ’ ਵੀ ! ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ ! **************

ਪਗੜੀ
Movie Review | Harjeeta
ਅੱਜ ਜਨਮ ਦਿਨ ਤੇ ਸਾਡਾ ਆਪਣਾ ਦੁਸਾਂਝਾਂ ਵਾਲਾ

ਫਿਲਮ ਸਮੀਖਿਆ: ਇਕਬਾਲ ਸਿੰਘ ਚਾਨਾ
****************************
‘ਪ੍ਰਾਹੁਣਾ’ …ਤੇ ‘ਕੁੜਮਾਈਆਂ’ ਵੀ !

ਦੋ ਹੋਰ ਗਾਇਕਾਂ ਨੇ ਲਾਹ ਲਿਆ ਚਾਅ ਹੀਰੋ ਬਣਨ ਦਾ !

**************************

ਵਿਆਹ ਉੱਤੇ ਚੱਲੀਆਂ ਕੁਝ ਕੁ ਪੰਜਾਬੀ ਫ਼ਿਲਮਾਂ ਨੇ ਲਗਦਾ ਹੈ ਕਿ ਫਿਲਮਕਾਰਾਂ ਨੂੰ ਇੱਕ ਭਰਮ ਪਾਲ ਦਿੱਤਾ ਹੈ ਕਿ ਵਿਆਹ ਉੱਤੇ ਬਣੀ ਫਿਲਮ ਹੀ ਸਫਲ ਹੁੰਦੀ ਹੈ। ਇਸ ਕਰਕੇ ਹਰ ਕੋਈ ਵਿਆਹ ਉੱਤੇ ਉਲਟੇ ਸਿੱਧੇ ਘਿਸੇ ਪਿਟੇ ਟੋਟਕੇ ਵਿਖਾ ਕੇ ਜੇਬਾਂ ਭਰਨੀਆਂ ਚਾਹੁੰਦਾ ਹੈ। ਲਗਦਾ ਹੈ ਕਿ ਇਨ੍ਹਾਂ ਫਿਲਮਕਾਰਾਂ ਨੇ ਉਦੋਂ ਤੱਕ ਨਹੀਂ ਹੱਟਣਾ ਜਦੋਂ ਤਕ ਵਿਆਹ ਦੇ ਵਿਸ਼ਿਆਂ ਦੀ ਪੂਰੀ ਤਰ੍ਹਾਂ ਮਿੱਝ ਨਹੀਂ ਨਿਕਲ ਜਾਂਦੀ !
ਇਸੇ ਵਿਸ਼ੇ ਤੇ ਆਈਆ ਦੋ ਨਵੀਆਂ ਫ਼ਿਲਮਾਂ ਹਨ ‘ਪ੍ਰਾਹੁਣਾ’ ਤੇ ‘ਕੁੜਮਾਈਆਂ’ ਜੋ ਨਵੀਆਂ ਘੱਟ ਤੇ ਬੇਹੀਆਂ ਜਿਹੀਆਂ ਜਿਆਦਾ ਲਗਦੀਆਂ ਹਨ।

‘ਕੁੜਮਾਈਆਂ’ ਮੈਂ ਆਪਣੇ ਇਕ ਦੋਸਤ ਨਾਲ ਮੁੰਬਈ ਵੇਖਣ ਗਿਆ ਤਾਂ ਸਿਨਮੇ ਵਾਲਿਆਂ ਸ਼ੋ ਕੈਂਸਲ ਕਰ ਦਿੱਤਾ ਕਿਓਂਕਿ ਦਰਸ਼ਕ ਅਸੀਂ ਦੋ ਹੀ ਸਾਂ ! ਦੋ ਦਿਨ ਬਾਅਦ ਅੰਮ੍ਰਿਤਸਰ ਫਿਲਮ ਵੇਖੀ, ਬੜੀ ਨਿਰਾਸ਼ਾ ਹੋਈ ! ਲੰਡਨ ਜਾਣਾ ਸੀ, ਟਾਈਮ ਨਾ ਮਿਲ ਸਕਣ ਕਰਕੇ ਸਮੀਖਿਆ ਨਹੀਂ ਕਰ ਸਕਿਆ।
ਇੰਗਲੈਂਡ ਤੋਂ 29 ਨੂੰ ਵਾਪਸ ਆਇਆ ਤਾਂ ‘ਪ੍ਰਾਹੁਣਾ’ ਵੇਖਣ ਦਾ ਮੌਕਾ ਮਿਲ ਗਿਆ। ਸ਼ੁਕਰ ਹੈ ਸ਼ੋਅ ਕੈਂਸਲ ਨਹੀਂ ਹੋਇਆ ਕਿਓਂਕਿ 20 ਕੁ ਦਰਸ਼ਕ ਮਿਲ ਗਏ ਸਨ ਫਿਲਮ ਵੇਖਣ ਵਾਲੇ !
ਤੇ ਮੈਂ ਸੋਚਿਆ ਕਿ ਦੋਹਾਂ ਫ਼ਿਲਮਾਂ ਦਾ ਰਿਵਿਊ ਇਕੱਠਾ ਹੀ ਕਰ ਦਿੰਨਾ ਕਿਉਂਕਿ ਦੋਹਾਂ ਵਿਚ ਬੜੀਆਂ ਚੀਜਾਂ ਸਾਂਝੀਆਂ ਜਿਹੀਆਂ ਹਨ !

ਪਹਿਲੀ ਗੱਲ ਇਹ ਕਿ ਦੋਹਾਂ ਫ਼ਿਲਮਾਂ ਵਿਚ ਦੋ ਗਾਇਕਾਂ ਨੇ ਹੀਰੋ ਬਣਨ ਦਾ ਚਾਅ ਪੂਰਾ ਕਰ ਲਿਆ ਹੈ। ‘ਪ੍ਰਾਹੁਣਾ’ ਵਿਚ ਗਾਇਕ ਕੁਲਵਿੰਦਰ ਬਿੱਲਾ ਨੇ ਅਤੇ ‘ਕੁੜਮਾਈਆਂ’ ਵਿਚ ਹਰਜੀਤ ਹਰਮਨ ਨੇ! ਹਾਲਾਂਕਿ ਦੋਹਾਂ ਦੀ ਐਕਟਿੰਗ ‘ਜ਼ੀਰੋ’ ਹੈ। ਪੰਜਾਬ ਵਿਚ ਹਰ ਗਾਇਕ ਹੀਰੋ ਬਣਨ ਤੁਰ ਪਿਆ ਹੈ। ਉਹ ਇਹ ਵੀ ਭੁੱਲ ਗਏ ਹਨ ਕਿ ‘ਹੀਰੋ ਮੈਟੀਰੀਅਲ’ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ! ਪਹਿਲੇ ਸਮਿਆਂ ਵਿਚ ਗਾਇਕਾਂ ਦੀ ਪ੍ਰਸਿੱਧੀ ਕੈਸ਼ ਕਰਨ ਲਈ ਉਨ੍ਹਾਂ ਦਾ ਇਕ ਅੱਧ ਅਖਾੜਾ ਫਿਲਮ ਵਿਚ ਪਾ ਲਿਆ ਜਾਂਦਾ ਸੀ। ਪੰਜਾਬੀ ਫ਼ਿਲਮਾਂ ਵਿਚ ਅਸੀਂ ਕੁਲਦੀਪ ਮਾਣਕ, ਮੁਹੰਮਦ ਸਿਦੀਕ, ਗੁਰਚਰਨ ਪੋਹਲੀ, ਬਿੰਦਰਖੀਏ, ਚਮਕੀਲੇ ਤੇ ਸੁਰਿੰਦਰ ਸ਼ਿੰਦੇ ਜਿਹੇ ਦਿੱਗਜ ਗਾਇਕਾਂ ਦੇ ਅਖਾੜੇ ਜਾਂ ਗੈਸਟ ਰੋਲ ਤਾਂ ਦੇਖੇ ਸਨ, ਲੇਕਿਨ ਹੀਰੋ ਬਣਨ ਦਾ ਕੀੜਾ ਇਨ੍ਹਾਂ ਅੰਦਰ ਕਦੇ ਨਹੀਂ ਵੜਿਆ ਸੀ। ਪਰ ਅੱਜ ਤਾਂ ਇੰਜ ਲਗਦਾ ਹੈ ਕਿ ਹਰ ਤੀਜੇ ਗਾਇਕ ਅੰਦਰ ਹੀਰੋ ਬਣਨ ਦਾ ਕੀੜਾ ਵੜਿਆ ਹੋਇਆ ਹੈ। ਮੈਂ ਗਾਇਕ ਦੇ ਹੀਰੋ ਬਣਨ ਦੇ ਖਿਲਾਫ ਨਹੀਂ ਹਾਂ । ਕਈ ਸਾਲ ਪਹਿਲਾਂ ਗੁਰਦਾਸ ਮਾਨ ਪੰਜਾਬੀ ਫ਼ਿਲਮਾਂ ਦੇ ਹੀਰੋ ਵਜੋਂ ਆਇਆ ਤੇ ਦਰਸ਼ਕਾਂ ਨੇ ਉਹ ਨੂੰ ਖਿੜੇ ਮੱਥੇ ਸਵੀਕਾਰਿਆ ਵੀ ਸੀ। ਪਰ ਗੁਰਦਾਸ ਕੇਵਲ ਗਾਇਕ ਹੀ ਨਹੀਂ ਸੀ, ‘ਸਟਾਰ ਮੈਟੀਰੀਅਲ’ ਵੀ ਸੀ! ਇਸੇ ਤਰ੍ਹਾਂ ਦਿਲਜੀਤ, ਗਿੱਪੀ, ਐਮੀ ਤੇ ਅਮਰਿੰਦਰ ਗਿੱਲ ਗਾਇਕੀ ਦੇ ਫੀਲਡ ਚੋਂ ਹੀ ਫ਼ਿਲਮਾਂ ਵਿਚ ਆਏ ਹਨ। ਪਰ ਸਾਰੇ ਹੀਰੋ ਮੈਟੀਰੀਅਲ ਹਨ ਤੇ ਸਾਰਿਆਂ ਨੇ ਆਪਣੀ ਐਕਟਿੰਗ ਵਿਚ ਨਿਖਾਰ ਲਿਆਉਣ ਲਈ ਮਿਹਨਤ ਵੀ ਬਹੁਤ ਕੀਤੀ ਹੈ।

‘ਪ੍ਰਾਹੁਣਾ’ ਦੇ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਤਾਂ ਮੈਨੂੰ ਇਹ ਗੱਲ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਉਸਨੂੰ ਐਕਟਿੰਗ ਬਿਲਕੁਲ ਨਹੀਂ ਆਉਂਦੀ। ਹਰ ਜਗ੍ਹਾ ਭਾਵ-ਹੀਣ ਹੈ। ਅੱਖਾਂ ਹੀ ਨਹੀਂ ਉੱਘੜਦੀਆਂ ਚੱਜ ਨਾਲ ! ਫਿਲਮ ਦੇ ਪਹਿਲੇ ਸੀਨ ਵਿਚ ਹੀ ਵਿਖਾਇਆ ਗਿਆ ਹੈ ਕਿ ਉਹ ਪ੍ਰੀਤੀ ਸਪਰੂ ਤੇ ਮਰਦਾ ਹੈ ਤੇ ਉਸ ਵਰਗੀ ਕੁੜੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ। ਤੇ ਵਾਮਿਕਾ ਗੱਬੀ ਵਿਚ ਉਸਨੂੰ ਪ੍ਰੀਤੀ ਸਪਰੂ ਨਜ਼ਰ ਆਉਂਦੀ ਹੈ ! ਵੇਖ ਕੇ ਮੇਰਾ ਹਾਸਾ ਨਿਕਲ ਗਿਆ। ਪ੍ਰੀਤੀ ਬਹੁਤ ਸੋਹਣੀ ਹੀਰੋਇਨ ਸੀ ਪਰ ਐਕਟਰ ਬਹੁਤੀ ਵਧੀਆ ਨਹੀਂ ਸੀ। ਤੇੇ ਵਾਮਿਕਾ ਤਾਂ ਐਕਟਰ ਕਮਾਲ ਦੀ ਹੈ। ਘੱਟੋ ਘੱਟ ਉਸਦੀ ਤੁਲਨਾ ਕਰਨੀ ਸੀ ਤਾਂ ਜਯਾ ਭਾਦੁੜੀ ਨਾਲ ਕਰਵਾ ਦਿੰਦੇ। ਮੈਂ ਦੋ ਪੰਜਾਬੀ ਹੀਰੋਇਨਾਂ ਦਾ ਫੈਨ ਹਾਂ। ਵਾਮਿਕਾ ਚੋਂ ਜਯਾ ਭਾਦੁੜੀ ਤੇ ਸਿੰਮੀ ਚਾਹਲ ਚੋਂ ਸਮਿਤਾ ਪਾਟਿਲ ਦੀ ਝਲਕ ਕਿਤੇ ਨਾ ਕਿਤੇ ਮਿਲਦੀ ਹੈ ! ਵਾਮਿਕਾ ਨੂੰ ਇਸ ਤੋਂ ਪਹਿਲਾਂ ਮੈਂ ‘ਨਿੱਕਾ ਜੈਲਦਾਰ-2’ ਵਿਚ ਵੀ ਵੇਖਿਆ ਸੀ, ਬੜਾ ਪ੍ਰਭਾਵਤ ਕੀਤਾ ਸੀ ਉਸਨੇ ! ਸਿੰਮੀ ਨੂੰ ਹਾਲਾਂਕਿ ਉਸ ਨਾਲੋਂ ਵੱਡੇ ਤੇ ਵਧੀਆ ਚਾਂਸ ਮਿਲੇ ਹਨ। ਐਕਟਰ ਦੋਨੋ ਕਮਾਲ ਦੀਆਂ ਹਨ ! ‘ਪ੍ਰਾਹੁਣਾ’ ਵਿਚ ਹਾਲਾਂਕਿ ਵਾਮਿਕਾ ਦੇ ਕਰਨ ਲਈ ਕੁਝ ਵੀ ਖਾਸ ਨਹੀਂ ਸੀ ਪਰ ਜਿਸ ਵੀ ਫਰੇਮ ਵਿਚ, ਸ਼ਾਟ ਵਿਚ, ਸੀਨ ਵਿਚ ਜਾਂ ਗੀਤ ਵਿੱਚ ਉਹ ਆਉਂਦੀ ਹੈ ‘ਸਭ ਕੁਝ’ ਚੁਰਾ ਲੈਂਦੀ ਹੈ।

‘ਪ੍ਰਾਹੁਣਾ’ ਦੇ ਪਰੋਮੋ ਵੇਖ ਕੇ ਲਗਦਾ ਸੀ ਕਿ ਇਹ ਕੁਝ ਮਹੀਨੇ ਪਹਿਲਾਂ ਆਈ ਹਿੱਟ ਫਿਲਮ ‘ਲਾਵਾਂ ਫੇਰੇ’ ਦੀ ਨਕਲ ਜਿਹੀ ਹੋਵੇਗੀ, ਪਰ ਏਨੀ ਬੁਰੀ ਕਾਰਬਨ ਕਾਪੀ ਹੋਵੇਗੀ, ਸੋਚਿਆ ਨਹੀਂ ਸੀ। ਉਸ ਫਿਲਮ ਵਿਚ ਪਾਲੀ ਭੁਪਿੰਦਰ ਦੇ ਜੀਜਿਆਂ ਵਾਲੇ ਪੰਚਾਂ ਵਿਚ ਜਾਨ ਸੀ, ਪਰ ਇੱਥੇ ਸਭ ਕੁਝ ਲਾਊਡ ਹੈ। ਜੇ ਮੱਘੇ ਮਾਰੀ ਜਾਣੇ, ਉੱਚੀ ਉੱਚੀ ਰੌਲਾ ਪਾਈ ਜਾਣਾ, ਬੇਮਤਲਬ ਨੱਚੀ ਟੱਪੀ ਜਾਣਾ, ਦਾਰੂ ਪੀਈ ਜਾਣਾ, ਪਾਗਲਖਾਨੇ ਵਾਲਾ ਮਾਹੌਲ ਪੈਦਾ ਕਰਨਾ ਹੀ ‘ਕਾਮੇਡੀ’ ਹੈ ਤਾਂ ਮਾਫ ਕਰਨਾ ਮੈਂ ਇਸ ਨਾਲ ਸਹਿਮਤ ਨਹੀਂ ! ਤੇ ਪਾਗਲਖਾਨੇ ਵਾਲੇ ਇਸ ਰੌਲੇ ਰੱਪੇ ਵਿਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਸਭ ਦੇ ਸਭ ਦੱਬ ਕੇ ਰਹਿ ਗਏ ਹਨ। ਇਹੋ ਜਿਹੇ ਵਿਆਹ, ਇਹੋ ਜਿਹੇ ਜੀਜੇ, ਫੁੱਫੜ ਤੇ ਆਲਾ ਦੁਆਲਾ ਸ਼ਾਇਦ ਹੀ ਵੇਖਣ ਨੂੰ ਮਿਲਦਾ ਹੋਵੇ!

‘ਕੁੜਮਾਈਆਂ’ ਵੀ ਵਿਆਹ ਦੇ ਭੰਬਲਭੂਸੇ ਵਾਲੀ ਕਹਾਣੀ ਹੈ। ਇੱਥੇ ਗਾਇਕ ਹਰਜੀਤ ਹਰਮਨ ਲਾੜਾ ਹੈ ਤੇ ਜਪਜੀ ਖੈਰਾ ਉਸਦੀ ਲਾੜੀ, ਜਿਸਦੀ ਫੋਟੋ ਨਾ ਵੇਖ ਸਕਣ ਕਰਕੇ ਹਰਮਨ ਦਾ ਰਿਸ਼ਤਾ ਹੁੰਦਿਆਂ ਹੁੰਦਿਆਂ ਰੁਕ ਜਾਂਦਾ ਹੈ! ਤੇ ਇਹੀ ਇਸ ਫ਼ਿਲਮ ਦੀ ਕਹਾਣੀ ਹੈ। ਹਰਮਨ ਤੇ ਜਪਜੀ ਦੋਨੋ ਆਪਣੇ ਕਿਰਦਾਰਾਂ ਤੋੰ ਵੱਡੇ ਲਗਦੇ ਹਨ। ਫਿਲਮ ਦੇ ਇਕ ਸ਼ੁਰੂਆਤੀ ਸੀਨ ਵਿਚ ਦੱਸਿਆ ਜਾਂਦਾ ਹੈ ਕਿ ਜਪਜੀ 12ਵੀਂ ਦੀ ਸਟੂਡੈਂਟ ਹੈ। ਹਾਲ ਵਿਚ ਮੇਰੇ ਪਿੱਛੇ ਬੈਠੀ ਇੱਕ ਮੈਡਮ ਨੇ ਕਮੈਂਟ ਕੀਤਾ- ‘ਬਾਰ੍ਹਵੀਂ ਦੀ ਸਟੂਡੈਂਟ ਨਹੀਂ, ਟੀਚਰ ਜ਼ਰੂਰ ਲਗਦੀ ਹੈ !’
ਇੱਥੇ ਵੀ ਵਿਆਹ ਦੇ ਝਮੇਲੇ ਵਿਚ ਫਸੇ ਹੋਏ ਕਿਰਦਾਰ ਜ਼ਬਰਦਸਤੀ ਕਾਮੇਡੀ ਕਰ ਰਹੇ ਲਗਦੇ ਹਨ । ਹੀਰੋ ਹਰਮਨ ਰਟੇ ਹੋਏ ਡਾਇਲਾਗ ਡਲਿਵਰ ਕਰਦਾ ਲਗਦਾ ਹੈ। ਜਪਜੀ ਖੈਰਾ ਅਜੇ ਵੀ ਪਹਿਲਾਂ ਵਰਗੀ ਖੂਬਸੂਰਤ ਹੈ। ਥੋੜਾ ਉਮਰ ਦਾ ਤਕਾਜ਼ਾ ਜ਼ਰੂਰ ਹੈ! ਅਨੀਤਾ ਦੇਵਗਨ ਇੱਕੋ ਤਰ੍ਹਾਂ ਦੇ ‘ਫਿਲਰ ਟਾਈਪ’ ਰੋਲਾਂ ਲਈ ਰਹਿ ਗਈ ਲਗਦੀ ਹੈ। ‘ਨਾਬਰ’ ਵਿਚ ਜ਼ਬਰਦਸਤ ਕਿਰਦਾਰ ਨਿਭਾਉਣ ਵਾਲੇ ਹਰਦੀਪ ਗਿੱਲ ਨੂੰ ਵੇਖ ਕੇ ਲਗਦਾ ਹੈ ਜਿਵੇਂ ਉਸਤੋਂ ਕਾਮੇਡੀ ਕਰਵਾਉਣ ਦੀ ਜ਼ਾਬਦਸਤੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਗੁਰਮੀਤ ਸਾਜਨ, ਜੋ ਫਿਲਮ ਦਾ ਇਕ ਡਾਇਰੈਕਟਰ ਵੀ ਹੈ, ਆਪਣੇ ਕਿਰਦਾਰ ਵਿਚ ਸੁਭਾਵਕ ਘੱਟ ਤੇ ਓਵਰ ਜਿਆਦਾ ਲੱਗਦਾ ਹੈ।

ਤੇ ਅੰਤ ਵਿਚ ਦੋਹਾਂ ਫ਼ਿਲਮਾਂ ਦੀ ਇਕ ਹੋਰ ਸਾਂਝੀ ਗੱਲ ਦਾ ਜ਼ਿਕਰ ਕਰ ਲਈਏ ! ਦੋਹਾਂ ਦੇ ਡਾਇਰੈਕਟਰ ਵੀ ਦੋ ਦੋ ਹਨ। ‘ਕੁੜਮਾਈਆਂ’ ਦੇ ਦੋ ਡਾਇਰੈਕਟਰ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਹਨ। ਗੁਰਮੀਤ ਸਾਜਨ ਪ੍ਰੋਡਿਊਸਰ ਵੀ ਹੈ। ਜਦ ਕਿ ‘ਪ੍ਰਾਹੁਣਾ’ ਨੂੰ ਅੰਮ੍ਰਿਤ ਰਾਜ ਚੱਢਾ ਅਤੇ ਮੋਹਿਤ ਬਨਵੈਤ ਨੇ ਡਾਇਰੈਕਟ ਕੀਤਾ ਹੈ। ਇੱਥੇ ਵੀ ਮੋਹਿਤ ਬਨਵੈਤ ਇਕ ਪ੍ਰੋਡਿਊਸਰ ਵੀ ਹੈ। ਦਰਅਸਲ ਪੰਜਾਬੀ ਫ਼ਿਲਮਾਂ ਵਾਲਿਆਂ ਸ਼ਾਇਦ ਡਾਇਰੈਕਸ਼ਨ ਨੂੰ ਸਭ ਤੋਂ ਆਸਾਨ ਕੰਮ ਸਮਝ ਲਿਆ ਹੈ। ਹੋਰ ਵੀ ਕਈ ਫ਼ਿਲਮਾਂ ਆ ਰਹੀਆਂ ਹਨ ਜਿੱਥੇ ਪ੍ਰੋਡਿਊਸਰ ਡਾਇਰੈਕਟਰ ਬਣਨ ਦਾ ਚਾਅ ਵੀ ਪੂਰਾ ਕਰ ਰਹੇ ਹਨ। ਇਹੀ ਰੁਝਾਣ ਰਿਹਾ ਤਾਂ ਸ਼ਾਇਦ ਜਲਦ ਹੀ ਪੰਜਾਬੀ ਫ਼ਿਲਮਾਂ ਦੇ ਛੇ ਛੇ ਡਾਇਰੈਕਟਰ ਵੀ ਦੇਖਣ ਨੂੰ ਮਿਲ ਸਕਦੇ ਹਨ ! ਤੇ ਫ਼ਿਲਮਾਂ ਕਿਹੋ ਜਿਹੀਆਂ ਬਣਨਗੀਆਂ, ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕਦੇ ਹੋ ! ਰੱਬ ਖੈਰ ਕਰੇ !
-ਇਕਬਾਲ ਸਿੰਘ ਚਾਨਾ

ਪੰਜਾਬੀ ਫਿਲਮ ਸਾਜ਼ੀ ‘ਚ ਇਕਬਾਲ ਚਾਨਾ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ……ਬਹੁਤ ਹੀ ਨਿੱਗਰ ਤੇ ਨਿੱਡਰ ਸੋਚ ਦੇ ਮਾਲਕ ਨੇ ਚਾਨਾ ਸਾਬ੍ਹ !ਪੰਜਾਬੀ ਫ਼ਿਲਮਾਂ ਬਾਰੇ ਉਹਨਾਂ ਦੀਆਂ ਟਿੱਪਣੀਆਂ ਬੜੀਆਂ ਬੇ-ਬਾਕ ਹੁੰਦੀਆਂ ਹਨ…..ਜੇ ਨਹੀਂ ਯਕੀਨ ਤਾਂ ਹਥਲਾ ਲੇਖ ਤੁਹਾਡੀ ਖਿਦਮਤ ‘ਚ ਹਾਜ਼ਿਰ ਹੈ……

(ਇਕਬਾਲ ਚਾਨਾ ਦੀ ਕੰਧ ਤੋਂ ਖਿਮਾ ਸਾਹਿਤ,ਬਿਨਾਂ ਇਜ਼ਾਜ਼ਤ ਉਤਾਰਿਆ ਲੇਖ)

 

COMMENTS

WORDPRESS: 0
DISQUS: