ਦਿਲਜੀਤ ਦੋਸਾਂਝ ਦੀਆਂ ਅੱਜਕਲ ਪੰਜੇ ਘਿਉ ‘ਚ ਹਨ, ਕਿਸਮਤ ਦੀ ਦੇਵੀ ਉਸਤੇ ਪੂਰੀ ਤਰਾਂ ਮਿਹਰਬਾਂਨ ਹੈ। ਉਹਦੇ ਗੀਤ ਧਮਾਲਾਂ ਪਾ ਰਹੇ ਹਨ,ਸ਼ੋਅ ਹਜਾਰਾਂ ‘ਚ ਭਰਦੇ ਹਨ, ਟੀ ਵੀ ਸ਼ੋਆਂ ‘ਚ ਸ਼ੰਕਰ ਮਾਹਾਂਦੇਵਨ ਜਿਹੇ ਸੰਗੀਤਕਾਰਾਂ ਤੋਂ ਵੱਧ ਪੈਸੇ ਵਸੂਲਦਾ ਹੈ, ਉਸਦੀਆਂ ਪੰਜਾਬੀ ਫਿਲਮਾਂ ਕਰੋੜਾਂ ਦਾ ਕਾਰੋਬਾਰ ਕਰ ਰਹੀਆਂ ਹਨ, ਗੁੱਡ ਨਿਊਜ਼ ਫਿਲਮ ਦੇ ਸੁਪਰ ਹਿੱਟ ਹੋਣ ਨਾਲ ਬੌਲੀਵੁੱਡ ਚ ਵੀ ਉਹਦੇ ਨਾਂਅ ਦੀ ਤੂਤੀ ਬੋਲਣ ਲੱਗੀ ਹੈ।
ਜਿੱਥੇ ਉਹਦੇ ਫੈਨ ਕਰੋੜਾਂ ਹਨ ਉੱਥੇ ਹੇਟਰਜ਼ ਦੀ ਵੀ ਘਾਟ ਨਹੀ। ਚਾਹੁਣ ਵਾਲਿਆਂ ਨੇ ਉਹਨੂੰ ਚੋਟੀ ਤੇ ਲਿਆ ਬਿਠਾਇਆ ਹੈ, ਪਰ ਹੇਟਰਜ ਜ਼ਮੀਨ ਤੇ ਡਿਗਿਆ ਦੇਖਣਾਂ ਲੋਚਦੇ ਹਨ।ਜਿਹਨਾਂ ਚ ਕਈ ਸ਼ਰੀਕ ਪੰਜਾਬੀ ਗਾਇਕ, ਫਿਲਮਾਂ ਵਾਲੇ, ਅਤੇ ਅਖੌਤੀ ਪੱਤਰਕਾਰ ਵੀ ਹਨ।ਉਹ ਜੋ ਮਰਜ਼ੀ ਚੰਗਾ ਕੰਮ ਕਰ ਲਵੇ ਪਰ ਹੇਟਰਜ ਲਈ ਫੁਕਰਾ ਹੀ ਹੈ।ਉਹ ਕਹਿੰਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਵਿਵਾਦਾਂ ਪਰੇ ਰਿਹਾ ਜਾਵੇ ਪਰ ਫੇਰ ਵੀ ਘੜੀਸ ਲਿਆ ਜਾਂਦਾ ਹੈ। ਜਿਵੇਂ ਕਿ ਪਿਛਲੇ ਦਿਨੀਂ ਅਮਰੀਕਾ ਇਕ ਸ਼ੋਅ ਰੱਦ ਹੋ ਜਾਂਣ ਕਾਰਨ ਕਈ ਫੇਸਬੁੱਕੀ ਵਿਦਵਾਂਨਾਂ ਅਤੇ ਪੱਤਰਕਾਰਾਂ ਵਲ੍ਹੋਂ ਘਟੀਆ ਤਾਹਨੇ ਮਿਹਣੇ ਦਿੱਤੇ ਗਏ ਜਦ ਕਿ ਉਸ ਮਾਮਲੇ ਚ ਉਸਦਾ ਕੋਈ ਕਸੂਰ ਨਹੀ ਸੀ।ਉਹ ਆਖਦਾ ਹੈ ਉਹਦੇ ਦੋ ਗੀਤ “ਲੱਕ ਟਵੰਟੀ ਏਟ, ਅਤੇ “ਜੱਟ ਫੈਰ ਕਰਦਾ” ਘਟੀਆ ਗੀਤਾਂ ਦੇ ਜ਼ਿਕਰ ਵੇਲੇ ਮੋਹਰਲੀ ਕਤਾਰ ਚ ਗਿਣੇ ਲਏ ਜਾਂਦੇ ਹਨ ਪਰ ਸ਼ਾਇਦ ਹੀ ਕੋਈ ਪਾਰਟੀ ਹੋਵੇ ਜਿੱਥੇ ਇਹ ਨਾਂ ਵੱਜਦੇ ਹੋਣ, ਹਾਲਾਂਕਿ ਉਹ ਇਹਨਾਂ ਗੀਤਾਂ ਲਈ ਮਾਫ਼ੀ ਮੰਗ ਚੁੱਕਾ ਹੈ ਅਤੇ ਕਿਸੇ ਵੀ ਸਟੇਜ ਤੇ ਨਹੀ ਗਾਂਉਂਦਾ।ਉਸਦਾ ਗਿਲਾ ਹੈ ਕਿ ਉਹਦੇ ਗੀਤਾਂ “ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ ,ਆਰ ਨਾਨਕ ਪਾਰ ਨਾਨਕ, ਗੋਬਿੰਦ ਦੇ ਲਾਲ,ਬਾਬਾ ਮੱਝੀਆਂ ਚਰਾਉਂਦਾ ਦਿਖਦਾ ਏ” ਨੂੰ ਉਸਦੇ ਹੇਟਰਜ ਵਲ੍ਹੋਂ ਜਾਣ ਬੁੱਝਕੇ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂਕਿ ਇਹ ਸਾਬਿਤ ਕੀਤਾ ਜਾ ਸਕੇ ਕਿ ਉਹ ਸਿਰਫ ਖੜਕੇ ਦੜਕੇ ਅਤੇ ਨੱਚਣ ਟੱਪਣ ਵਾਲੇ ਗੀਤ ਹੀ ਗਾਉਂਦਾ ਹੈ।
ਮੈਂ ਤਾਂ ਇਹੀ ਕਹਾਂਗਾ ਕੋਈ ਉਹਨੂੰ ਪਸੰਦ ਕਰੇ ਨਾਂ ਕਰੇ ਪਰ ਨਜਰ ਅੰਦਾਜ ਨੀ ਕਰ ਸਕਦਾ।ਜਿੰਨੀਆਂ ਉਹਦੀਆਂ ਲੱਤਾਂ ਖਿੱਚੀਆਂ ਗਈਆਂ ਉਹ ਉੱਪਰ ਵਲ੍ਹ ਨੂੰ ਹੀ ਗਿਆ।
ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਬਾਬੇ ਨਾਨਕ ਅਤੇ ਆਪਣੇ ਚਾਹੁਣ ਵਾਲਿਆਂ ਸਿਰ ਬੰਨ੍ਹਦਾ ਹੈ।
ਅੱਜ ਉਸਦਾ ਜਨਮ ਦਿਨ ਹੈ, ਇਸ ਮੌਕੇ ਉਸਨੂੰ  ਬਹੁਤ ਬਹੁਤ ਮੁਬਾਰਕਾਂ।ਵਾਹਿਗੁਰੂ ਉਹਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਉਹ ਇੰਜ ਹੀ ਪੰਜਾਬੀਆਂ ਦਾ ਮਨੋਰੰਜਨ ਕਰਦਾ ਰਹੇ।

*****ਮਸਤਾਨ ਸਿੰਘ ਪਾਬਲਾ