ਫਿਲਮ ਸਮੀਖਿਆ ਰੱਬ ਦਾ ਰੇਡੀਓ... ਕੱਲ੍ਹ ਸ਼ਾਮੀਂ ਰੱਬ ਦਾ ਰੇਡੀਓ ਫਿਲਮ ਦੇਖੀ ਹੈ।ਵਿਹਲੀ ਜਨਤਾ ਫਿਲਮਜ਼ ਦੇ ਬੈਨਰ ਹੇਠਾਂ ਬਣੀ ਇਸ ਫਿਲਮ ਨੂੰ ਦੋ ਨੌਜਵਾਨਾਂ ਹੈਰੀ ਭੱਟੀ ਤੇ ਤਾਰਨਵੀਰ ਸ
ਫਿਲਮ ਸਮੀਖਿਆ
ਰੱਬ ਦਾ ਰੇਡੀਓ…
ਕੱਲ੍ਹ ਸ਼ਾਮੀਂ ਰੱਬ ਦਾ ਰੇਡੀਓ ਫਿਲਮ ਦੇਖੀ ਹੈ।ਵਿਹਲੀ ਜਨਤਾ ਫਿਲਮਜ਼ ਦੇ ਬੈਨਰ ਹੇਠਾਂ ਬਣੀ ਇਸ ਫਿਲਮ ਨੂੰ ਦੋ ਨੌਜਵਾਨਾਂ ਹੈਰੀ ਭੱਟੀ ਤੇ ਤਾਰਨਵੀਰ ਸਿੰਘ ਜਗਪਾਲ ਨੇ ਸਾਝੇਂ ਤੌਰ ਉਪਰ ਨਿਰਦੇਸ਼ਿਤ ਕੀਤਾ ਹੈ। ਤਰਸੇਮ ਜੱਸਰ, ਮੈਂਡੀ ਤੱਖੜ, ਸਿਮੀ ਚਾਹਲ, ਧੀਰਜ ਕੁਮਾਰ, ਜਗਜੀਤ ਸੰਧੂ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਸ਼ਵਿਦਰ ਮਾਹਲ, ਸੁਨੀਤਾ ਧੀਰ, ਸੀਮਾ ਕੌਸ਼ਲ, ਗੁਰਮੀਤ ਸੱਜਣ, ਮਲਕੀਤ ਰੌਨੀ, ਬਲਜਿੰਦਰ ਦਾਰਾਪੁਰੀ ਤੇ ਹੋਰ ਸਾਰਿਆਂ ਕਲਾਕਾਰਾਂ ਨੇ ਅੱਛਾ ਕੰਮ ਕੀਤਾ ਹੈ ।। ਫਿਲਮ 1980 ਦਹਾਕੇ ਦੇ ਪੰਜਾਬ ਦੇ ਇੱਕ ਪਿੰਡ ਦੀ ਹੇ। ਦੋ ਮੱਧ ਵਰਗੀ ਜ਼ਿੰਮੀਦਾਰ ਭਰਾ ਹਨ। ਇੱਕ ਭਰਾ ਦੀਆਂ ਤਿੰਨ ਕੁੜੀਆਂ ਹੀ ਹਨ ਤੇ ਦੂਸਰੇ ਭਰਾ ਦੇ ਤਿੰਨ ਮੁੰਡੇ। ਸ਼ਰੀਕਪੁਣਾ ਨੱਕੋ ਨੱਕ ਭਰਿਆਂ ਹੋਇਆਂ ਹੇ। ਸਾਂਝੇ ਘਰ ਵਿਚ ਕੰਧ ਨਵੀਂ ਨਵੀਂ ਉਸਰੀ ਹੇ। ਮੁੰਡਿਆਂ ਦੀ ਮਾਂ ਨੂੰ ਪੁੱਤਾਂ ਦੀ ਮਾਂ ਹੋਣ ਦਾ ਹੰਕਾਰ ਹੈ , ਧੀਆਂ ਵਾਲੀ ਮਾਂ ਦਾ ਸਿਰ ਹਮੇਸ਼ਾ ਨੀਵਾਂ ਰਹਿੰਦਾ ਹੈ। ਕੁੜੀਆਂ ਦੇ ਪਿਉ ਦੇ ਮੌਢੇ ਵੀ ਝੁੱਕੇ ਰਹਿੰਦੇ ਹਨ ਤੇ ਮੁੰਡਿਆਂ ਦੇ ਪਿਓ ਦੇ ਹਮੇਸ਼ਾ ਉੱਠੇ ਹੋਏ। ਸ਼ਰੀਕੇਬਾਜ਼ੀ ਤੇ ਨਫਰਤ ਤੋਂ ਫਿਲਮ ਸ਼ੁਰੂ ਹੁੰਦੀ ਹੈ। ਚਲਦੀ ਹੈ ਤੇ ਮੋਹ ਪਿਆਰ ਦਾ ਵਧੀਆ ਸੁਨੇਹਾ ਦੇ ਕੇ ਖਤਮ ਹੋ ਜਾਂਦੀ ਹੈ। ਫਿਲਮ ਸੁਖਾਵੀਂ ਹੈ। ਸੰਵਾਦ ਅਸਰਦਾਰ ਤੇ ਵਧੀਆ ਹਨ। ਫੂਹੜਤਾ ਕੋਲੋਂ ਕੋਸਾਂ ਦੂਰ ਹਨ। ਫਿਲਮ ਦੀ ਬਣਤਰ ਤੇ ਬੁਣਤਰ ਵਧੀਆ ਤੇ ਕੱਸਵੀਂ ਹੈ। 1980 ਦਹਾਕੇ ਦਾ ਪੇਂਡੂ ਮਾਹੌਲ ਵਧੀਆ ਤਰੀਕੇ ਨਾਲ ਸਿਰਜਿਆ ਗਿਆ ਹੇ। ਅਦਾਕਾਰੀ ਵਿਚ ਦੋਨੋ ਕੁੜੀਆਂ ਮੈਂਡੀ ਤੇ ਸਿਮੀ ਮੱਲਾਂ ਮਾਰਦੀਆਂ ਨਜ਼ਰ ਆਉਂਦੀਆਂ ਹਨ। ਕੋਈ ਕਿਸੇ ਕੋਲੋਂ ਘੱਟ ਨਹੀਂ ਹੈ। ਫਿਲਮ ਦੇ ਹੀਰੋ ਤਰਸੇਮ ਕੋਲੋਂ ਬਹੁਤੇ ਸੰਵਾਦ ਨਹੀਂ ਕਹਾਏ ਗਏ ਪਰ ਉਹ ਜੱਚ ਗਿਆ ਹੈ ਉਸ ਵਿਚ ਬਿਹਤਰ ਅਦਾਕਾਰੀ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਫਿਲਮ ਵਿਚ ਮੈਂਡੀ ਦੇ ਪਤੀ ਤੇ ਹੀਰੋ ਦੇ ਦੋਸਤ ਦਾ ਕਿਰਦਾਰ ਨਿਭਾਉਣ ਵਾਲੇ ਦੋਨੋਂ ਮੁੰਡੇ ਧੀਰਜ ਕੁਮਾਰ ਤੇ ਜਗਜੀਤ ਸੰਧੂ ਮਝੇ ਹੋਏ ਕਲਾਕਾਰ ਲਗਦੇ ਹਨ। ਇੱਕ ਹੋਰ ਕਿਰਦਾਰ ਪਿੰਡ ਦੇ ਦੁਕਾਨਦਾਰ ਵਾਲਾ ਅਦਾਕਾਰ ਵੀ ਕਮਾਲ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਅਨੀਤਾ ਦੇਵਗਨ ਤੇ ਨਿਰਮਲ ਰਿਸ਼ੀ ਦੀ ਅਦਾਕਾਰੀ ਦੀ ਤਾਰੀਫ ਕਰਨ ਦੀ ਲੋੜ੍ਹ ਨਹੀਂ ਹੈ। ਅਦਾਕਾਰੀ ਉਹਨਾਂ ਦੀ ਰੂਹ ਤੇ ਖੂਨ ਵਿਚੋਂ ਉਗਮ ਦੀ ਹੈ। ਉਹ ਪਾਤਰਾਂ ਵਿਚ ਰਮ ਕੇ ਅਦਾਕਾਰੀ ਕਰਦੀਆਂ ਹਨ। ਖਾਸ ਕਰਕੇ ਅਨੀਤਾ ਦੀ ਸ਼ਰੀਕਣ ਕਿਰਦਾਰ ਦੇ ਅਹਿਸਾਸਾਂ ਤੇ ਉਹਨਾਂ ਦਾ ਪ੍ਰਦਰਸ਼ਨ ਬਹੁਤ ਕਮਾਲ ਲੱਗਿਆ ਹੈ। ਗੁਰਮੀਤ ਸੱਜਣ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਸੀਮਾ ਕੌਸ਼ਲ, ਸਤਵੰਤ ਕੌਰ, ਬਲਜਿੰਦਰ ਦਾਰਾਪੁਰੀ, ਸਿਮੀ ਦੀਆਂ ਨਿੱਕੀਆਂ ਭੈਣਾ , ਕੁੜੀਆਂ ਦੇ ਪਿਤਾ ਦੀ ਭੁਮਿਕਾ ਨਿਭਾਉਣ ਵਾਲਾ ਕਲਾਕਾਰ ਆਦਿ ਸਾਰੇ ਕਲਾਕਰਾਂ ਨੇ ਆਪਣੇ ਨਿੱਕੇ ਨਿੱਕੇ ਕਿਰਦਾਰਾਂ ਨਾਲ ਇਨਸਾਫ਼ ਕੀਤਾ ਹੈ। ਦੋ ਨਿਰਦੇਸ਼ਕਾਂ ਦੀ ਨਿਰਦੇਸ਼ਨ ਕਲਾ ਪ੍ਰਭਾਵਿਤ ਕਰਦੀ ਹੇ। ਸੰਪਾਦਨਾ ਕਿਤੇ ਕਿਤੇ ਕੰਮਜ਼ੋਰ ਲਗਦੀ ਹੇ। ਪੂਰਾਣੇ ਫਿਲਮੀ ਗੀਤਾ ਦਾ ਪ੍ਰਯੋਗ ਵੀ ਠੀਕ ਲੱਗਾ ਹੈ। ਰੱਬ ਦਾ ਰੇਡੀਓ ਸੀਰਸਿਕ ਗਾਣਾ ਮਿੱਠਾ ਤੇ ਪਿਆਰਾ ਹੈ। ਕੁਲ ਮਿਲਾ ਕੇ ਅੱਜ ਦੇ ਤਨਾਓਗ੍ਰਸਤ ਜੀਵਨ ਵਿਚ ਇਹ ਫਿਲਮ ਇੱਕ ਮਿੱਠਾ ਤੇ ਸੁਖਾਵਾਂ ਅਹਿਸਾਸ ਕਰਵਾਉਣ ਵਿਚ ਸਫ਼ਲ ਹੈ। ਮੇਰੇ ਵੱਲੋਂ ਫਿਲਮ ਨੂੰ 3 ਸਿਤਾਰੇ ਦੇਣੇ ਜ਼ਰੂਰੀ ਹਨ। ਪਰਿਵਾਰ ਸਮੇਤ ਫਿਲਮ ਜ਼ਰੂਰ ਦੇਖੋ ਤਾਂ ਕਿ ਜੀਵਨ ਤੇ ਸਮਾਜ ਵਿਚ ਪਿਆਰ ਮੁਹੱਬਤ ਨੂੰ ਫੈਲਾਇਆ ਜਾਵੇ । ਨਫਰਤ ਤੇ ਪਦਾਰਥਵਾਦ ਨੁੰ ਮੁਕਾਇਆ ਜਾਵੇ।
ਧੰਨਵਾਦ ਸਹਿਤ
(ਗੋਵਰਧਨ ਗੱਬੀ )
COMMENTS