ਪੰਜਾਬ ਕੋਲੋਂ ਵਿੱਛੜੇ 'ਪੰਜਾਬ' ਦੀ ਬਾਤ ਪਾਉਂਦੀ ਹੈ 'ਲਾਹੌਰੀਏ' ਅੰਬਰਦੀਪ ਅਤੇ ਅਮਰਿੰਦਰ ਨੂੰ ਮੈ ਪੰਜਾਬੀ ਸਿਨੇਮੇ ਦੇ ਸਲੱਗ ਪੁੱਤ ਕਹਾਂਗਾ ਜਿਹੜੇ ਇਸ ਇੰਡਸਟਰੀ ਨੂੰ ਸ਼ਾਨਦਾਰ ਫ਼ਿਲਮ
ਪੰਜਾਬ ਕੋਲੋਂ ਵਿੱਛੜੇ ‘ਪੰਜਾਬ’ ਦੀ ਬਾਤ ਪਾਉਂਦੀ ਹੈ ‘ਲਾਹੌਰੀਏ’
ਅੰਬਰਦੀਪ ਅਤੇ ਅਮਰਿੰਦਰ ਨੂੰ ਮੈ ਪੰਜਾਬੀ ਸਿਨੇਮੇ ਦੇ ਸਲੱਗ ਪੁੱਤ ਕਹਾਂਗਾ ਜਿਹੜੇ ਇਸ ਇੰਡਸਟਰੀ ਨੂੰ ਸ਼ਾਨਦਾਰ ਫ਼ਿਲਮਾਂ ਦੇ ਕੇ ਨਵੀਆਂ ਬੁਲੰਦੀਆਂ ਤੇ ਪੁਚਾ ਰਹੇ ਹਨ।ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮ ਆਉਂਦੀ ਵੇਖ ਕਦੇ-ਕਦੇ ਸੋਚਦਾ ਹਾਂ ਕਿ ਕਿਤੇ ਇਸ ਜੋੜੀ ਨੂੰ ਕਿਸੇ ਦੀ ਨਜ਼ਰ ਨਾਂ ਲੱਗ ਜਾਵੇ।
ਮੱਖਣ ਬਰਾੜ ਦੇ ਲਿਖੇ ਅਤੇ ਸਾਡੇ ਮਿੱਤਰ ‘ਗਿੱਲ ਹਰਦੀਪ’ ਦੇ ਗਾਏ ਬੋਲਾਂ
ਭਾਈਆਂ ਵਿੱਚ ਜੋ ਫ਼ੁੱਟ ਦੇ ਬੀਜ ਬੀਜੇ
ਰਹੀਏ ਬਚਕੇ ਓਸ ਚਲਾਕ ਕੋਲੋਂ
ਘਰ ਫ਼ੂਕੇ ਨੇ ਸਦਾ ਸਿਆਣਿਆਂ ਨੇ
ਅੱਗ ਲੱਗੀ ਨਹੀਂ ਕਦੇ ਜੁਆਕ ਕੋਲੋਂ
ਲਹੂ ਡੁੱਲ੍ਹਿਆ ਜ਼ੁਲਮ ਦੀ ਅੱਤ ਹੋਈ
ਪੰਜਾਬ ਵਿੱਛੜਿਆ ਜਦੋਂ ਪੰਜਾਬ ਕੋਲੋਂ
ਸਹੁੰ ਰੱਬ ਦੀ ਅੱਜ ਵੀ ਬੜਾ ਰੋਂਦੈ
ਮੀਦ੍ਹਾ ਵਿੱਛੜ ਕੇ ਬੇਲੀ ਮੁਸ਼ਤਾਕ ਕੋਲੋਂ
ਵਿੱਚਲੀ ਹੂਕ ਨੂੰ ਅੰਬਰਦੀਪ ਨੇ ਜਿਵੇਂ ਬਾਖ਼ੂਬੀ ਸੁਨਹਿਰੇ ਪਰਦੇ ਤੇ ਉਤਾਰਿਆ ਹੈ, ਉਹ ਕਾਬਿਲੇ-ਤਾਰੀਫ਼ ਹੈ।1947 ਦੀ ਵੰਡ ਵੇਲੇ ਹੋਏ ਉਜਾੜੇ ਨੂੰ ਜਦੋਂ ਵੀ ਪਰਦੇ ਤੇ ਵੇਖਦੇ ਹਾਂ, ਕਾਲਜੇ ਰੁੱਗ ਭਰਦੇ ਹਨ।1947 ਵਿੱਚ ਵਿੱਛੜੇ ਬੇਲੀਆਂ (ਹਜ਼ਾਰਾ ਸਿੰਘ ਅਤੇ ਅਫ਼ਜ਼ਲ) ਨੂੰ ਜਦੋਂ ਤੀਜੀ ਪੀੜ੍ਹੀ ਪਰਦੇ ਤੇ ਮਿਲਾਉਂਦੀ ਹੈ ਤਾਂ ਹਰ ਅੱਖ ਦਾ ਨਮ ਹੋ ਜਾਣਾ ਸੁਭਾਵਿਕ ਹੀ ਹੈ।ਕਿੱਕਰ ਸਿੰਘ ਬਣਿਆ ਅਮਰਿੰਦਰ ਬਾਰਡਰ ਦੇ ਏਸ ਪਾਰ ਖੇਤੀ ਕਰਦਿਆਂ ਬਾਰਡਰ ਦੇ ਪਾਰਲੇ ਪਾਸੇ ਸੰਤਰਿਆਂ ਦੇ ਰਾਖਿਆਂ ਦੀ ਧੀ ‘ਅਮੀਰਾਂ’ ਨੂੰ ਦਿਲ ਦੇ ਬੈਠਦਾ ਹੈ ਅਤੇ ਫਿਰ ਸਾਰੀ ਕਹਾਣੀ ਉਨ੍ਹਾਂ ਦੇ ਰੁਮਾਂਸ ਨੂੰ ਪਰਵਾਨ ਚੜ੍ਹਾਉਣ ਦੁਆਲੇ ਘੁੰਮਦੀ ਹੈ।ਕਹਾਣੀ ਦੇ ਅੰਤ ਵਿੱਚ ਜਦੋਂ 70 ਸਾਲ ਬਾਅਦ 1947 ਦੀ ਵੰਡ ਵੇਲੇ ਵਿੱਛੜੇ ਬੇਲੀ (ਹਜ਼ਾਰਾ ਸਿੰਘ ਅਤੇ ਅਫ਼ਜ਼ਲ)ਮਿਲਦੇ ਹਨ ਤਾਂ ਇਉਂ ਲੱਗਦਾ ਹੈ ਜਿਵੇਂ ਵਿੱਛੜਿਆ ਪੰਜਾਬ ਆਪਣੇ ਪੰਜਾਬ ਵਿੱਚ ਮੁੜ ਆ ਰਲਿਆ ਹੋਵੇ।ਅਮਰਿੰਦਰ ਦਾ ਦਾਦਾ ਬਣਿਆ ਹਰਜੀਤ ਕੈਂਥ ਆਪਣੇ ਕਿਰਦਾਰ ਵਿੱਚ ਇਉਂ ਉੱਤਰਿਆ ਹੈ ਕਿ ਸਾਡੀਆਂ ਅੱਖਾਂ ਸਾਹਮਣੇ ਪਾਕਿਸਤਨੋਂ ਉੱਜੜ ਕੇ ਆਏ ਬਜ਼ੁਰਗਾਂ ਨੂੰ ਸਾਕਸ਼ਾਤ ਸਾਹਮਣੇ ਲਿਆ ਖਲ੍ਹਾਰਦਾ ਹੈ।
ਆਪਣੇ ਕਿਰਦਾਰਾਂ ਨੂੰ ਨਿਭਾਉਂਦਿਆਂ ਸਰਗੁਨ ਮਹਿਤਾ ਅਤੇ ਅਮਰਿੰਦਰ ਦੀ ਜੋੜੀ ਛਾਈ ਹੋਈ ਹੈ।ਪੰਜਾਬੀ ਸਿਨੇਮੇ ਵਿੱਚ ਪਰਦੇ ਉੱਪਰ ਇਹ ਜੋੜੀ ਕਾਮਯਾਬੀ ਦਾ ਪ੍ਰਤੀਕ ਬਣ ਗਈ ਹੈ।ਜਿਸ ਤਰ੍ਹਾਂ ਨਾਲ ਅੰਬਰਦੀਪ ਨੇ 1947 ਵਾਲਾ ਅਤੇ ਫ਼ੇਰ ਪਾਕਿਸਤਾਨੀ ਪੰਜਾਬ ਵਾਲਾ ਮਾਹੌਲ ਉਸਾਰਿਆਂ ਹੈ, ਉਸ ਲਈ ਉਸਦੀ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੈ।ਗੁੱਗੂ ਗਿੱਲ ਦੀ ਡੀਲ-ਡੌਲ ਵਿੱਚ ਲਾਹੌਰੀਆਂ ਵਾਲੀ ਪੂਰੀ ਠੁੱਕ ਹੈ।ਨਿਰਮਲ ਰਿਸ਼ੀ ਅਤੇ ‘ਸਰਦਾਰ ਸੋਹੀ’ ਮਲਵਈ ਹੋਣ ਦੇ ਬਾਵਜੂਦ ਜਿਵੇਂ ਲਾਹੌਰੀ ਬੋਲੀ ਬੋਲਦੇ ਨੇ, ਉਹ ਮਨਾਂ ਨੂੰ ਟੁੱੰਬਦੀ ਹੈ।ਬੇਗਮ ਜਮੀਲਾ ਦੀ ਪਾਰਲੇ ਪੰਜਾਬ ਵਾਲੀ ਬੋਲੀ ਕੰਨੀਂ ਸ਼ਹਿਦ ਜਿਹੀ ਮਿਠਾਸ ਘੋਲਦੀ ਹੈ।ਹੌਬੀ ਧਾਲੀਵਾਲ ਲਾਹੌਰੀਆ ਚੌਧਰੀ ਬਣਿਆ ਪਰਦੇ ਦਾ ਰੋਹਬ ਜਾਪਦਾ ਹੈ।ਅੰਬਰਦੀਪ ਆਪਣੇ ਨਿੱਕੇ ਜਿਹੇ ਕਿਰਦਾਰ ਵਿੱਚ ‘ਲਵ-ਪੰਜਾਬ’ ਵਾਲੇ ਕਿਰਦਾਰ ਵਾਂਗ ਹੀ ਡੂੰਘੀ ਛਾਪ ਛੱਡਦਾ ਹੈ।ਯੁਵਰਾਜ ਹੰਸ ਦੀ ਅਦਾਕਾਰੀ ਨੇ ਪਹਿਲੀ ਵਾਰ ਧਿਆਨ ਖਿੱਚਿਆ ਹੈ।ਹਰਲੀਨ ਬਣੀ ਨਿਮਰਤ ਖਹਿਰਾ ਦੀ ‘ਠੇਠ ਪੰਜਾਬਣ ਮੁਟਿਆਰ’ ਵਾਲੀ ਦਿੱਖ਼ ਖ਼ੂਬ ਜਚਦੀ ਹੈ।ਉਸਦੀ ਸਹਿਜ ਜਿਹੀ ਅਦਾਕਾਰੀ ਵੇਖ ਲਗਦਾ ਹੈ ਕਿ ਪੰਜਾਬੀ ਸਿਨੇਮੇ ਨੂੰ ਇੱਕ ਹੋਰ ਸਮਰੱਥ ਅਦਾਕਾਰਾ ਮਿਲ ਗਈ ਹੈ।ਅਮਰਿੰਦਰ ਦੀ ਭਾਬੀ ਬਣੀ ਗਗਨ ਮਹਿਰਾ ਅਤੇ ਓਧਰ ਸਰਗੁਨ ਦੀ ਭਾਬੀ ਬਣੀ ਸੰਦੀਪ ਮੱਲ੍ਹੀ ਸਾਡੇ ਪੇਂਡੂ ਸੱਭਿਆਚਾਰ ਦੇ ਨੂੰਹ-ਸੱਸ ਵਾਲੇ ਰਿਸ਼ਤੇ ਦੀ ‘ਚਾਸ਼ਨੀ’ ਪਰਦੇ ਤੇ ਬਾਖ਼ੂਬੀ ਵਿਖਾਉਂਦੀਆਂ ਹਨ।
ਅਮਰਿੰਦਰ ਦੀਆਂ ਫ਼ਿਲਮਾਂ ਵਿੱਚਲਾ ਗੀਤ-ਸੰਗੀਤ ‘ਗੋਪੀਆ’ ਬਣ ਫ਼ਿਲਮ ਨੂੰ ਸਦਾ ਹੀ ਅੰਬਰੀਂ ਚਾੜ੍ਹਦਾ ਆਇਆ ਹੈ ਅਤੇ ਲਾਹੌਰੀਏ ਦਾ ਗੀਤ-ਸੰਗੀਤ ਵੀ ਫ਼ਿਲਮ ਦਾ ‘ਗੋਪੀਆ’ ਹੀ ਹੈ।’ਲਾਹੌਰੀਏ’ ਦੇ ਗੀਤ ਤੁਹਾਡੀ ਰੂਹ ਦੇ ਅੰਦਰ ਲਹਿੰਦੇ ਜਾਂਦੇ ਹਨ।ਰਾਣੀਤੱਤ ਵਾਲੇ ਹਰਮਨਜੀਤ ਦੇ ਲਿਖੇ ਦੋਹਵੇਂ ਹੀ ਗੀਤ, ‘ਪਾਣੀ ਰਾਵੀ ਦਾ’ ਅਤੇ ‘ਗੁੱਤ’ਚ ਲਾਹੌਰ, ‘ਲਾਹੌਰੀਏ’ ਫ਼ਿਲਮ ਵਾਲੇ ਰਾਣੀਹਾਰ ਦੇ ਸੁੱਚੇ ਨਗ਼ ਹਨ।
ਕੁੱਲ ਮਿਲਾ ਕੇ ਫ਼ਿਲਮ ਪਰਵਾਰ ਨਾਲ ਬਹਿ ਕੇ ਵੇਖਣ ਵਾਲੀ ਹੈ।ਜਿੰਨ੍ਹਾਂ ਦੇ ਪਰਵਾਰਾਂ ਵਿੱਚ ਪਾਕਿਸਤਾਨੋਂ ਉੱਠ ਕੇ ਆਏ ਬਜ਼ੁਰਗ ਮੌਜੂਦ ਹਨ, ਉਹ ਉਨ੍ਹਾਂ ਬਜ਼ੁਰਗਾਂ ਨੂੰ ਫ਼ਿਲਮ ਵਿਖਾ ਕੇ ਉਵੇਂ ਹੀ ਪੁੰਨ ਖੱਟ ਲਉ ਜਿਵੇਂ ਅੰਬਰਦੀਪ ਨੇ ਇਹ ਫ਼ਿਲਮ ਬਣਾ ਕੇ ਖੱਟ ਲਿਆ ਹੈ।
ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)
COMMENTS