ਜ਼ਿੰਦਗੀ ਛੋਟੀ ਨਹੀਂ.....ਅਸੀਂ ਜਿਊਣਾਂ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ...... ਜਿੰਦਗੀ ਜ਼ਿੰਦਾਬਾਦ ਰਾਣਾ ਰਣਬੀਰ ਪੰਜਾਬੀ ਸਿਨੇਮੇ ਅਤੇ ਰੰਗਮੰਚ ਦਾ ਪਰਪੱਕ ਅਦਾਕਾਰ ਹੈ। ਫ਼ਿਲਮਾਂ ਵਿੱਚ
ਜ਼ਿੰਦਗੀ ਛੋਟੀ ਨਹੀਂ…..ਅਸੀਂ ਜਿਊਣਾਂ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ……
ਜਿੰਦਗੀ ਜ਼ਿੰਦਾਬਾਦ
ਰਾਣਾ ਰਣਬੀਰ ਪੰਜਾਬੀ ਸਿਨੇਮੇ ਅਤੇ ਰੰਗਮੰਚ ਦਾ ਪਰਪੱਕ ਅਦਾਕਾਰ ਹੈ। ਫ਼ਿਲਮਾਂ ਵਿੱਚ ਉਹਦੀ ਪਛਾਣ ਭਾਵੇਂ ਇੱਕ ਕਮੇਡੀਅਨ ਵਜੋਂ ਬਣੀ ਹੋਈ ਹੈ ਪਰ ਜਦੋਂ ਵੀ ਸੰਜੀਦਾ ਭੂਮਿਕਾ ਮਿਲੀ ਉਸ ਨੇ ਆਪਣੇ ਆਪ ਨੂੰ ਸਾਬਤ ਕੀਤਾ। ਪਿਛਲੇ ੧੫ ਸਾਲਾਂ ਤੋਂ ਪੰਜਾਬੀ ਫ਼ਿਲਮੀ ਦੁਨੀਆਂ ਵਿੱਚ ਲਗਾਤਾਰ ਕਾਰਜਸ਼ੀਲ ਰਾਣਾ ਇਨ੍ਹੀਂ ਦਿਨੀਂ ਆਪਣੇ ਇੱਕ ਪਾਤਰੀ ਨਾਟਕ ਜਿੰਦਗੀ ਜ਼ਿੰਦਾਬਾਦ ਨਾਲ ਚਰਚਾ ਵਿੱਚ ਹੈ ਜਿਸ ਵਿੱਚ ਉਹ ਆਪਣੀ ਪ੍ਰਤਿਭਾ ਅਤੇ ਪ੍ਰਤੀਬੱਧਤਾ ਦਾ ਪੁਖ਼ਤਗੀ ਨਾਲ ਪ੍ਰਗਟਾਵਾ ਕਰ ਰਿਹਾ ਹੈ।
ਪੰਜਾਬ ਦੇ ਧੂਰੀ ਵਿੱਚ ਜਨਮੇ ਰਾਣਾ ਰਣਬੀਰ ਨੇ ਪੰਜਾਬੀ ਯੂਨੀਵਿਰਸਟੀ ਤੋਂ ਥੀਏਟਰ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਡਿਗਰੀ ਕਰਦਿਆਂ ਹੀ ਰਾਣੇ ਨੇ ਪਾਸ਼ ਬਾਰੇ ਇੱਕ ਪਾਤਰੀ ਨਾਟਕ ਸਿਰਜਿਆ- ਖੇਤਾਂ ਦਾ ਪੁੱਤ। ਇਸ ਨਾਟਕ ਰਾਹੀਂ ਰਾਣੇ ਨੇ ਪਾਸ਼ ਦੀ ਵਿਚਾਰਧਾਰਾ ਨੂੰ ਉਸ ਦੀਆਂ ਕਵਿਤਾਵਾਂ, ਚਿੱਠੀਆਂ ਤੇ ਡਾਇਰੀਆਂ ਰਾਹੀਂ ਤਰਤੀਬ ਦਿੱਤੀ। ਉਹ ਇੱਕ ਪਾਤਰੀ ਨਾਟਕ ਦਾ ਤਜਰਬਾ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਸ਼ੁਰੂ ਵਿੱਚ 40 ਮਿੰਟ ਦੀ ਸਕਰਿਪਟ ਤਿਆਰ ਕੀਤੀ।
ਪੜ੍ਹਾਈ ਪੂਰੀ ਕਰਕੇ ਉਸ ਨੇ ਆਪਣੇ ਹੀ ਵਿਭਾਗਵਿੱਚ 1800 ਰੁਪਏ ਮਹੀਨੇ ’ਤੇ ਰੈਪਰੀ ਆਰਟਿਸਟ ਵਜੋਂ
ਨੌਕਰੀ ਕਰ ਲਈ। ਫਿਰ ਪ੍ਰੋਡਕਸ਼ਨ ਅਸਿਸਟੈਂਟ ਵਜੋਂ ਐਡਹਾਕ ਆਧਾਰ ’ਤੇ ਨੌਕਰੀ ਕੀਤੀ ਤੇ ਫਿਰ ਰੈਗੂਲਰ ਵੀ
ਹੋ ਗਿਆ ਪਰ ਰਾਣਾ ਨੌਕਰੀ ਲਈ ਨਹੀਂ ਬਣਿਆ ਸੀ।ਨੌਕਰੀ ਕਰਦਿਆਂ ਅਦਾਕਾਰੀ ਤੇ ਲਿਖਣ ਦੀ ਭੁੱਖ ਉਸ ਨੂੰ ਆਪਣਾ ਰਾਹ ਅਖ਼ਤਿਆਰ ਕਰਨ ਲਈ ਪ੍ਰੇਰਦੀ ਰਹੀ। ਲਿਹਾਜ਼ਾ ਸਾਲ 2001 ਵਿੱਚ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਸਫ਼ਰ ’ਤੇ ਨਿਕਲ ਤੁਰਿਆ। ਉਹ ਪੂਰੀ ਤਰ੍ਹਾਂ ਰੰਗਮੰਚ ਨੂੰ ਸਮਰਪਿਤ ਹੋ ਗਿਆ ਅਤੇ ਟੀਵੀ ਸੀਰੀਅਲ ਕੀਤੇ। ਸਾਲ 2005 ਵਿੱਚ ਉਸ ਨੇ ਪਹਿਲੀ ਫ਼ਿਲਮ ‘ਦਿਲ ਅਪਣਾ ਪੰਜਾਬੀ’ ਕੀਤੀ। ਓਦੋਂ ਤੋਂ ਲੈ ਕੇ ਹੁਣ ਤਕ 15 ਸਾਲਾਂ ਵਿੱਚ ਰਾਣੇ ਨੇ ਅਨੇਕਾਂ ਕਿਰਦਾਰ ਨਿਭਾਏ। ਇਨ੍ਹਾਂ ਵਿੱਚ ਵਧੇਰੇ ਗਿਣਤੀ ਕਮੇਡੀ ਭਰਪੂਰ ਸਨ ਪਰ ਹਸ਼ਰ ਦਾ ‘ਜੌਲੀ’ , ਅੱਜ ਦੇ ਰਾਂਝੇ ਦਾ ‘ਮੁਨਸ਼ੀ’ ਤੇ ਉਸਦੀ ਆਪਣੀ ਫਿਲਮ ਅਸੀਸ ਦਾ ਸਿੱਧਰਾ ਜਿਹਾ ਸਾਊ ਪੁੱਤ ਉਹਦੇ ਚੋਣਵੇਂ ਕਿਰਦਾਰ ਹਨ ਜੋ ਰਾਣੇ ਦੇ ਦਿਲ ਦੇ ਨੇੜੇ ਹਨ। ਰਾਣੇ ਦਾ ਕਹਿਣਾ ਹੈ ਕਿ ਨੌਕਰੀ ਤੇ ਫ਼ਿਲਮਾਂ ਨੇ ਉਸ ਦੀਆਂ ਉਪਜੀਵਕਾ ਦੀਆਂ ਲੋੜਾਂ ਤਾਂ ਪੂਰੀਆਂ ਕੀਤੀਆਂ ਪਰ ਅੰਦਰਲੀ ਭੁੱਖ ਨਹੀਂ ਮਿਟਾਈ, ਤ੍ਰਿਪਤੀ ਨਹੀਂ ਕੀਤੀ।
ਰਾਣਾ ਹੁਣ ਕਨੇਡਾ ਦਾ ਪੀ ਆਰ ਹੈ.ਉਹ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਦਾ ਹੈ….ਉਹ ਜ਼ਿੰਦਗੀ ਨੂੰ ਝਕਾਨੀ ਦੇ ਕੇ ਅੱਗੇ ਨਹੀਂ ਦੌੜਦਾ ,ਉਸਨੂੰ ਜ਼ਿੰਦਗੀ ਜਿਊਣ ਦਾ ਵੱਲ ਹੈ ਤੇ ਜ਼ਿੰਦਗੀ ਚੱਜ ਨਾਲ ਕਿਵੇਂ ਜਿਊਣੀ ਹੈ ਇਸ ਦਾ ਉਹ ਵੱਲ ਸਿਖਾਉਂਦਾ ਹੈ ਆਪਣੇ ਨਵੇਂ ਇੱਕ ਪਾਤਰੀ ਨਾਟਕ ‘ਜ਼ਿੰਦਗੀ ਜ਼ਿੰਦਾਬਾਦ ‘ਚ…. ਦੋ ਘੰਟੇ ਉਹ ਸਟੇਜ ਤੇ ਉਹ ਇੱਕਲਾ ਹੀ ਪ੍ਰਫਾਰਮ ਕਰਦਾ ਹੈ,ਉਸਦੀਆਂ ਗੱਲਾਂ ਤੇ ਹਾਲ ਵਿਚ ਦਰਜਨਾਂ ਵਾਰ ਤਾੜੀਆਂ ਵੱਜਦੀਆਂ ਹਨ ਸ਼ੋ ਖਤਮ ਹੋਣ ਤੇ ਲੋਕੀਂ ਸਤਿਕਾਰ ਵਜੋਂ ਖੜ ਕੇ ਉਸਨੂੰ ਵਿਦਾ ਕਰਦੇ ਹਨ…..ਇਹ ਸਾਰਾ ਵਰਤਾਰਾ ਮੈਂ ਅੱਜ ਐਡਮਿੰਟਨ ਵਿਖੇ ਅੱਖੀਂ ਵੇਖਿਆ…
ਉਹ ਖੁਦ ਨਾਲ ਮਜ਼ਾਕ ਕਰਕੇ ਦਰਸ਼ਕਾਂ ਨਾਲ ਸੰਵਾਦ ਰਚਾਉਂਦਾ ਹੈ ਅਤੇ ਹਰ ਸੰਵਾਦ ’ਤੇ ਵੱਜਦੀਆਂ ਤਾੜੀਆਂ ਗਵਾਹੀ ਭਰਦੀਆਂ ਹਨ ਕਿ ਦਰਸ਼ਕ ਵੀ ਰਾਣੇ ਵਾਂਗ ਇਸ ਨਾਟਕ ਨੂੰ ਦੇਖਦਿਆਂ ਨਿਹਾਇਤ ਸਹਿਜ ਹਨ।
ਨਾਟਕ ਵਿੱਚ ਰਾਣਾ ਨਹੀਂ…ਜ਼ਿੰਦਗੀ ਬੋਲਦੀ ਹੈ । ਉਸਦੀ ਪੇਸ਼ਕਾਰੀ ਇੰਨੀਂ ਸਰਲ ਤੇ ਸਹਿਜ ਹੈ ਕਿ ਆਮ ਸਮਝ ਵਾਲੇ ਦਰਸ਼ਕ ਨੂੰ ਵੀ ਬੰਨ੍ਹ ਕੇ ਰੱਖਦੀ ਹੈ ਤੇ ਸਮਝ ਵੀ ਆਉਂਦੀ ਹੈ। ਰਾਣੇ ਦੀ ਅਦਾਕਾਰੀ ਬਾਕਮਾਲ ਹੈ। ਇੱਕ ਪਾਤਰੀ ਨਾਟਕ, ਤੇਜ਼ੀ ਨਾਲ ਬਦਲਦੀਆਂ ਪ੍ਰਸਥਿਤੀਆਂ ਨੂੰ ਰਾਣਾ ਜਿਸ ਪ੍ਰਬੀਨਤਾ ਨਾਲ ਨਿਭਾਉਂਦਾ ਹੈ, ਉਸ ਨੂੰ ਦੇਖ ਕੇ ਲੱਗਦੈ ਕਿ ਅਜਿਹਾ ਨਾਟਕ ਰਾਣਾ ਹੀ ਕਰ ਸਕਦਾ ਸੀ। ਇੱਕ ਪਲ ਉਹ ਚਿੰਤਨ ਵਿੱਚ ਡੁੱਬਿਆ ਦਿਸਦਾ ਹੈ ਤੇ ਦੂਜੇ ਹੀ ਪਲ ਠਹਾਕੇ ਲਾਉਂਦਾ ਹੈ। ਇਹੀ ਉਸ ਦੀ ਅਦਾਕਾਰੀ ਦਾ ਸਿਖਰ ਹੈ। ਪਿਛਲੇ ਦਿਨੀ ਐਡਮਿੰਟਨ ‘ਚ ਕਹਿੰਦੇ ਕਹਾਉਂਦੇ ਕਲਾਕਾਰਾਂ ਦੇ ਸਟੇਜ ਸ਼ੋਅ ਦਰਸ਼ਕਾਂ ਦੀ ਬੇਰੁਖੀ ਦਾ ਸ਼ਿਕਾਰ ਹੋਏ ਹਨ ਪਰ ਰਾਣੇ ਰਣਬੀਰ ਦੇ ਇੱਕ ਪਾਤਰੀ ਸ਼ੋ ‘ਜ਼ਿੰਦਗੀ ਜ਼ਿੰਦਗੀ ਜ਼ਿੰਦਾਬਾਦ ਨੂੰ ਮਿਲਿਆ ਭਰਪੂਰ ਹੁੰਗਾਰਾ ਦਿਲ ਨੂੰ ਸਕੂਨ ਦਿੰਦਾ ਹੈ. ਨਾਟਕ ਨੂੰ ਮਿਲੇ ਹੁੰਗਾਰੇ ਬਾਰੇ ਰਾਣਾ ਕਹਿੰਦਾ ਹੈ ਕਿ ਲੋਕ ਕੁਝ ਵੱਖਰਾ ਦੇਖਣਾ-ਸੁਣਨਾ ਚਾਹੁੰਦੇ ਹਨ। ਲੋਕਾਂ ਅੰਦਰ ਭੁੱਖ ਹੈ, ਲੋੜ ਹੈ ਉਨ੍ਹਾਂ ਦੇ ਅੰਦਰ ਤਕ ਟੁੰਬਣ ਵਾਲੇ ਵਿਸ਼ਿਆਂ ਦੀ ਭਾਲ ਕਰਨ ਅਤੇ ਉਸ ਨੂੰ ਸਹੀ ਰੂਪ ਵਿੱਚ ਉਨ੍ਹਾਂ ਅੱਗੇ ਪੇਸ਼ ਕਰਨ ਦੀ।
ਐਡਮਿੰਟਨ ‘ਚ ਇਹ ਬੇਮਿਸਾਲ ਸ਼ੋ ਕਰਵਾਉਣ ਲਈ ਸਾਡੇ ਵਲੋਂ ਨੀਟੂ ਸੋਹੀ,ਜੈਗ ਧਾਲੀਵਾਲ ਤੇ ਨਰੰਤਰ ਬੋਲਾ ਦਾ ਦਿਲੋਂ ਧੰਨਵਾਦ…..ਇਸ ਸ਼ੋ ਦੀ ਬੇਮਿਸਾਲ ਕਾਮਯਾਬੀ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕੀ ਵਧੀਆ ਚੀਜ਼ ਵੀ ਕਬੂਲਦੇ ਹਨ ਪਰ ਤੁਹਾਨੂੰ ਪਰੋਸਣ ਦਾ ਵੱਲ ਆਉਣਾ ਚਾਹੀਦਾ ਹੈ……
COMMENTS