HomeReviews

Punjabi Movie | Lock | Review | Gippy Grewal | Smeep Kang

ਰੋਪੜੀਏ ਤਾਲੇ ਵਰਗੀ ਪੂਰੀ ਮਜ਼ਬੂਤ ਫਿਲਮ ਹੈ 'ਲੌਕ' ਗਿੱਪੀ ਗਰੇਵਾਲ ਦੀ ਕੱਲ ਰੀਲੀਜ਼ ਹੋਈ ਪੰਜਾਬੀ ਫਿਲਮ 'ਲੌਕ' ਬਾਰੇ ਸਮੀਖਿਅਕਾਂ ਨੇ ਵੱਖੋ ਵੱਖਰੇ ਪ੍ਰਤੀਕਰਮ ਜਾਹਿਰ ਕੀਤੇ ਹਨ.ਬਹੁਤੇ

Movie Review | Super Singh
Punjabi Movie Review: ASHKE
Review / Qismat 2

ਰੋਪੜੀਏ ਤਾਲੇ ਵਰਗੀ ਪੂਰੀ ਮਜ਼ਬੂਤ ਫਿਲਮ ਹੈ ‘ਲੌਕ’

screen-shot-2016-10-15-at-4-03-16-pm

ਗਿੱਪੀ ਗਰੇਵਾਲ ਦੀ ਕੱਲ ਰੀਲੀਜ਼ ਹੋਈ ਪੰਜਾਬੀ ਫਿਲਮ ‘ਲੌਕ’ ਬਾਰੇ ਸਮੀਖਿਅਕਾਂ ਨੇ ਵੱਖੋ ਵੱਖਰੇ ਪ੍ਰਤੀਕਰਮ ਜਾਹਿਰ ਕੀਤੇ ਹਨ.ਬਹੁਤੇ ਫਿਲਮ ਆਲੋਚਕਾਂ ਨੂੰ ਇਹ ਫਿਲਮ ਪਸੰਦ ਆਈ ਹੈ ਤੇ ਬਹੁਤ ਥੋੜੇ ਉਹ ਹਨ ਜਿਹਨਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ.ਫਿਲਮ ਦਾ ਨਿਰਦੇਸ਼ਕ ‘ਸਮੀਪ ਕੰਗ’ ਹੈ.ਸਮੀਪ ਫਿਲਮ ਦਾ ਨਿਰਦੇਸ਼ਕ ਹੀ ਨਹੀਂ ਮੁੱਖ ਧੁਰਾ ਵੀ ਹੈ.’ਕੈਰੀ ਆਨ ਜੱਟਾ’ ਤੋਂ ਬਾਅਦ ਸਮੀਪ ਕੰਗ ਬਤੌਰ ਨਿਰਦੇਸ਼ਕ ਬੌਕਸ ਔਫਿਸ ਤੇ ਕੋਈ ਬਹੁਤ ਕਮਾਲ ਨਹੀਂ ਕਰ ਸਕਿਆ.ਇਸਦੇ ਬਾਵਜੂਦ ‘ਲੌਕ’ ਵਰਗੀ ਬਿਲਕੁਲ ਵੱਖਰੀ ਫਿਲਮ ਤੇ ਉਹ ਵੀ ਪੰਜਾਬੀ ‘ਚ ਬਣਾਉਣ ਬਾਰੇ ਸੋਚਣਾਂ ਵਾਕਿਆ ਹੀ ਦਿਲ-ਗੁਰਦੇ ਵਾਲੀ ਗੱਲ ਹੈ.
ਫਿਲਮ ਦੀ ਕਹਾਣੀ ਪਾਲੀ ਭੁਪਿੰਦਰ ਨੇ ਲਿਖੀ ਹੈ.ਜੀ ਹਾਂ,ਉਹੀ ਪਾਲੀ ਭੁਪਿੰਦਰ ਜਿਹਨਾਂ ਨੇ ਰੌਸ਼ਨ ਪ੍ਰਿੰਸ ਦੀ ਹਾਲੀਆ ਫਿਲਮ ‘ ਮੈਂ ਤੇਰੀ ਤੂੰ ਮੇਰਾ ਲਿਖੀ ਸੀ.ਅਸੀਂ ਲਿਖਿਆ ਸੀ ਕਿ ਉਸ ਫਿਲਮ ਦੀ ਸਭ ਤੋਂ ਕਮਜ਼ੋਰ ਕੜੀ ਪਾਲੀ ਭੁਪਿੰਦਰ ਦੀ ਕਹਾਣੀ ਸੀ (ਪਰ ‘ਮੈਂ ਤੇਰੀ ਤੂੰ ਮੇਰਾ’ ਫਿਲਮ ਬਾਰੇ ਪਾਲੀ ਜੀ ਦਾ ਕਹਿਣਾ ਹੈ ਕਿ ਨਿਰਦੇਸ਼ਕ ਨੇ 90 ਫ਼ੀਸਦੀ ਕਹਾਣੀ ਆਪਣੇ ਮੁਤਾਬਿਕ ਬਦਲ ਦਿੱਤੀ ਸੀ  ਸੋ ਉਸ ਫਿਲਮ ਦੀ ਕਹਾਣੀ ਨੂੰ ਪਾਲੀ ਭੁਪਿੰਦਰ ਦੀ ਕਹਾਣੀ ਕਹਿਣਾਂ ਕਿਸੇ ਤਰਾਂ ਵੀ ਜਾਇਜ਼ ਨਹੀਂ.)…..ਵੈਸੇ ਪਾਲੀ ਨੇ ਇਸ ਫਿਲਮ ਰਾਹੀਂ ਸਾਡਾ ਉਲਾਂਭਾ ਲਾਹ ਦਿੱਤਾ ਹੈ. ‘ਲੌਕ’ ਦੀ ਸੱਭ ਤੋਂ ਮਜ਼ਬੂਤ ਕੜੀ ਫਿਲਮ ਦੀ ਕਹਾਣੀ ਹੀ ਹੈ.ਫਿਲਮ ਦੀ ਕਹਾਣੀ ਤੇ ਸਕਰੀਨ ਪਲੇ ਇਸ ਕਦਰ ਕਮਾਲ ਦਾ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਅਗਲੇ ਸੀਨ ‘ਚ ਕੀ ਹੋਣਾ ਹੈ…ਜੇ ਅੰਦਾਜ਼ਾ ਲਗਾਉਂਦੇ ਵੀ ਹੋ ਤਾਂ ਹੁੰਦਾ ਬਿਲਕੁਲ ਇਸਦੇ ਉਲਟ ਹੈ.ਇਕ ਬਾ-ਕਮਾਲ ਕਹਾਣੀ ਲਿਖਣ ਲਈ ਪਾਲੀ ਭੁਪਿੰਦਰ ਨੂੰ ਵਧਾਈ!
ਫਿਲਮ ਦਾ ਤਾਣਾ ਬਾਣਾ ਕਰੋਸ਼ੀਏ ਦੀ ਕਢਾਈ ਵਰਗਾ ਹੈ.ਫਿਲਮ ‘ਚ ਗਿੱਪੀ ਗਰੇਵਾਲ ਆਟੋ ਰਿਕਸ਼ਾ ਚਾਲਕ ਹੈ,….ਬਾਕੀਆਂ ‘ਚੋ ਗੁਰਪ੍ਰੀਤ ਘੁੱਗੀ ਥੱਕਿਆ ਹਾਰਿਆ ਕਹਾਣੀਕਾਰ ,ਸਮੀਪ ਕੰਗ ਇੱਕ ਅੱਧਖੜ ਦੋਗਲਾ,ਕਰਮਜੀਤ ਅਨਮੋਲ ਇੱਕ ਮਿਸਤਰੀ ….ਇੱਕ ਰਾਤ ਜਦੋਂ ਇਹ ਚਾਰੋਂ ਇੱਕ ਦੂਜੇ ਸਾਹਮਣੇ ਆਉਂਦੇ ਹਨ ਤਾਂ ਕੀ ਹੁੰਦਾ ਹੈ ਇਹੀ ਫਿਲਮ ਦੀ ਕਹਾਣੀ ਹੈ.
ਇਹਨਾਂ ਸਾਰਿਆਂ ਨੂੰ ਤੁਸੀਂ ਇਹੋ ਜਿਹੇ ਰੋਲਾਂ ਵਿੱਚ ਪਹਿਲਾਂ ਕਦੀ ਨਹੀਂ ਵੇਖਿਆ ਹੋਣਾ-ਇਹ ਸਾਡਾ  ਦਾਅਵਾ ਹੈ.
ਗਿੱਪੀ ਨੇ ਇਸ  ਫਿਲਮ ਨਾਲ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸ ‘ਲੈਵਲ’ ਦਾ ਕਲਾਕਾਰ ਹੈ.ਬੌਕਸ ਔਫਿਸ ਦੀ ਪ੍ਰਵਾਹ ਕੀਤੇ ਬਗੈਰ ਜੇ ਉਹ ਪੰਜਾਬੀ ਸਿਨਮੇਂ ਨੂੰ ‘ਲੌਕ’,’ਅਰਦਾਸ’,’ਜੱਟ ਜੇਮਜ਼ ਬੌਂਡ’ਵਰਗੀਆਂ ਫ਼ਿਲਮਾਂ ਦਿੰਦਾ ਰਿਹਾ ਤਾਂ ਉਸਦਾ ਨਾਮ ਪੰਜਾਬੀ ਸਿਨਮੇਂ ਦੇ ਸੁਨਿਹਰੀ ਪੰਨਿਆਂ ‘ਚ ਲਿਖਿਆ ਜਾਣਾ ਤੈਹ ਹੈ.
ਗੁਰਪ੍ਰੀਤ ਘੁੱਗੀ ਨੇ ਫਿਰ ਦਿਖਾ ਦਿੱਤਾ ਹੈ ਕਿ ਉਸ ਵਰਗੇ ਕਲਾਕਾਰ ਨੂੰ ਸਿਰਫ ਇੱਕ ਕਿਰਦਾਰ ‘ਚ ਕੈਦ ਨਹੀਂ ਕੀਤਾ ਜਾ ਸਕਦਾ.
ਸਮੀਪ ਕੰਗ ਨੇ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੁਆਤ ਇੱਕ ਅਦਾਕਾਰ ਦੇ ਤੌਰ ਤੇ ਕੀਤੀ ਸੀ ਤੇ ਇਸ ਫਿਲਮ ‘ਚ ਵੀ ਉਸਨੇ ਇੱਕ ਅੱਧਖੜ ਬੰਦੇ ਦੀ ਭੂਮਿਕਾ ਅਦਾ ਕੀਤੀ ਹੈ ,ਜਿਸਦੇ ਦੋ ਚਿਹਰੇ ਹਨ-ਘਰ ‘ਚ ਕੁਝ ਹੋਰ ਤੇ ਬਾਹਰ ਕੁਝ ਹੋਰ…..ਜੇ ਸਮੀਪ ਕੰਗ ਗੁੱਸਾ ਨਾਂ ਕਰਨ ਤਾਂ ਗੁਸਤਾਖੀ ,ਕਿ ਜਿੰਨਾਂ ਵਧੀਆ ਨਿਰਦੇਸ਼ਨ ਦਿੱਤਾ ਹੈ ਓਨੀਂ ਵਧੀਆ ਅਦਾਕਾਰੀ ਨਹੀਂ ਦਿਖਾ ਸਕੇ,
ਗੀਤ ਬਸਰਾ ਫਿਲਮ ਦੀ ਹੀਰੋਇਨ ਹੈ ਤੇ ਉਸਨੇ ਆਪਣੇ ਹਿੱਸੇ ਆਉਂਦਾ ਕਿਰਦਾਰ ਬਾਖੂਬੀ ਨਿਭਾਇਆ ਹੈ.
ਬੌਕਸ ਔਫਿਸ ਤੇ ਫਿਲਮ ਭਾਵੇਂ ਬਹੁਤ ਜਿਆਦਾ ਨਹੀਂ ਭੱਜ ਰਹੀ ਪਰ ਸਮੀਪ ਕੰਗ ਨੇ ਫਿਲਮ ਦੀ ਲਗਾਮ ਕਿਤੇ ਵੀ ਢਿੱਲੀ ਨਹੀਂ ਹੋਣ ਦਿੱਤੀ….ਫਿਲਮ ਦੀ ਰਫਤਾਰ ਭਾਵੇਂ ਥੋੜੀ ਮੱਠੀ ਹੈ ਪਰ ਫਿਲਮ  ‘ਚ ਕੋਈ ਵੀ ਚੀਜ਼ ਧੱਕੇ ਨਾਲ ਨਹੀਂ ਠੋਸੀ ਗਈ…ਫਿਲਮ ਦਾ ਕਲਾਈਮੈਕਸ ਫਿਲਮ ਦੀ ਜਾਨ ਹੈ….ਪੰਜਾਬੀ ‘ਚ ਇਹੋ ਜਿਹੇ ਵਿਸ਼ੇ ਤੇ ਸ਼ਾਇਦ ਇਸ ਤਰਾਂ ਦੀ ਫਿਲਮ ਪਹਿਲਾਂ ਕਦੀਂ ਨਹੀਂ ਬਣੀ.
ਸਮੀਪ ਜੀ !ਲੀਕ ਤੋਂ ਹੱਟ ਕੇ ਫਿਲਮ ਬਣਾਉਣ ਲਈ ਤੁਹਾਡੇ ਜ਼ੇਰੇ ਨੂੰ ਸਲਾਮ ! ਜਦੋਂ ਤੱਕ ਤੁਹਾਡੇ ਵਰਗੇ ਬੰਦੇ ਪੰਜਾਬੀ ਸਿਨਮੇਂ ਨਾਲ ਜੁੜੇ ਹੋਏ ਹਨ ਉਦੋਂ ਤੱਕ ਪੰਜਾਬੀ ਸਿਨਮੇਂ ਦੀ ਚੜ੍ਹ੍ਦੀ ਕਲਾ ਰਹੇਗੀ……ਪੰਜਾਬੀ ਸਿਨਮੇਂ ‘ਚ ਨਵੀਆਂ ਪਗਡੰਡੀਆਂ ਬਣਾਉਣ ਲਈ ਧੰਨਵਾਦ,ਸ਼ੁਰੂ ਸ਼ੁਰੂ ‘ਚ ਇਹ ਪਗਡੰਡੀਆਂ ਬਿੱਖੜੇ ਪੈਂਡਿਆਂ ਵਾਂਗ ਲਗਦੀਆਂ ਹਨ ਪਰ ਇਹਨਾਂ ਨੂੰ ਸ਼ਾਹ-ਮਾਰਗ ਬਣਦਿਆਂ ਦੇਰ ਨਹੀਂ ਲਗਦੀ.
ਗਿੱਪੀ ਗਰੇਵਾਲ ਵੀ ਪੰਜਾਬੀ ਸਿਨਮੇਂ ‘ਚ ਬੜਾ ਕੁਝ ਨਵਾਂ ਕਰ ਰਿਹਾ ਹੈ……’ਅਰਦਾਸ’ ਵਾਲਾ ਤੋਹਫ਼ਾ ਪੰਜਾਬੀ ਸਿਨਮੇਂ ਨੂੰ ਹਮੇਸ਼ਾ ਯਾਦ ਰਹੇਗਾ ਤੇ ਹੁਣ ਸੁਣਨ ‘ਚ ਆਇਆ ਹੈ ਕਿ ਉਹ ਇੱਕ ਹੋਰ ਫਿਲਮ ਬਣਾ ਰਿਹਾ ਹੈ ਜੋ ਸਮਰਪਿਤ ਹੋਵੇਗੀ ‘ਮਾਂ’ ਨੂੰ…….ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਪੰਜਾਬੀ ਸਿਨਮੇ ਨੂੰ ਪ੍ਰਮੋਟ ਕਰਨ ਲਈ ਜਿਸ ਤਰਾਂ ਉਹ ਕਰੋੜਾਂ ਰੁਪਏ ਦਾਅ ਤੇ ਲਗਾ ਰਿਹਾ ਹੈ ਉਸਨੂੰ ‘ਬਿਜ਼ਨਸ’ ਨਹੀਂ ‘ਜਨੂਨ’ ਕਿਹਾ ਜਾ ਸਕਦਾ ਹੈ.
ਅੰਤਿਕਾ : ਰੋਪੜੀਏ ਤਾਲੇ ਵਰਗੀ ਪੂਰੀ ਮਜ਼ਬੂਤ ਫਿਲਮ ਹੈ ‘ਲੌਕ’.
‘ਲੌਕ’ ਵਾਕਿਆ ਹੀ ਅੱਲਗ ਕਿਸਮ ਦੀ ਫਿਲਮ ਹੈ ਜਿਸਨੂੰ ਦੇਖ ਕੇ ਪੰਜਾਬੀ ਸਿਨਮੇਂ ‘ਤੇ ਮਾਣ ਕੀਤਾ ਜਾ ਸਕਦਾ ਹੈ……ਇਹੋ ਜਿਹੇ ਤਜ਼ਰਬੇ ਹੋਣੇ ਪੰਜਾਬੀ ਸਿਨਮੇਂ ਲਈ ਸ਼ੁਭ ਸ਼ਗਨ ਹੈ.

COMMENTS

WORDPRESS: 0
DISQUS: 0