HomeSliderHot News

Sajjan Singh Rangroot / Review / ਰੰਗਰੂਟ ਵਰਗੀਆਂ ਫ਼ਿਲਮਾਂ ਵਾਰ ਵਾਰ ਨਹੀਂ ਬਣਦੀਆਂ

ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕੁ ਫ਼ਿਲਮਾਂ ਦੇਖੀਆਂ ਹੋਣਗੀਆਂ ਪਰ ਜੋ ਫ਼ਿਲਮਾਂ ਅਜੇ ਤੱਕ ਦਿਲ 'ਚ ਵਸੀਆਂ ਹੋਈਆਂ ਹਨ,ਉਹਨਾਂ ਦੀ ਗਿਣਤੀ ਉਂਗਲਾਂ 'ਤੇ ਕੀਤੀ ਜਾ ਸਕਦੀ ਹੈ.....ਬਹੁਤ

ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ
ਅਰਦਾਸ ਕਰਾਂ ਦੀ ਗੱਲ ਕਰਦਿਆਂ….
ਲਓ ਜੀ, ਨਿਨਜਾ ਵੀ ਬਣਿਆ ਹੀਰੋ…

_87a976c2-0664-11e8-90ea-37dc70df54a3

ਜ਼ਿੰਦਗੀ ‘ਚ ਪਤਾ ਨਹੀਂ ਕਿੰਨੀਆਂ ਕੁ ਫ਼ਿਲਮਾਂ ਦੇਖੀਆਂ ਹੋਣਗੀਆਂ ਪਰ ਜੋ ਫ਼ਿਲਮਾਂ ਅਜੇ ਤੱਕ ਦਿਲ ‘ਚ ਵਸੀਆਂ ਹੋਈਆਂ ਹਨ,ਉਹਨਾਂ ਦੀ ਗਿਣਤੀ ਉਂਗਲਾਂ ‘ਤੇ ਕੀਤੀ ਜਾ ਸਕਦੀ ਹੈ…..ਬਹੁਤੀਆਂ ਫ਼ਿਲਮਾਂ ਉਹ ਹਨ ਜੋ ਸਿਨਮਾਂ ਹਾਲ ਦੇ ਦਰਵਾਜ਼ੇ ਤੋਂ ਬਾਹਰ ਨਿਕਲਦਿਆਂ ਹੀ ਭੁੱਲ ਜਾਂਦੀਆਂ ਹਨ….ਤੇ ਕੁਝ ਇੱਕ ਫ਼ਿਲਮਾਂ ਉਹ ਹੁੰਦੀਆਂ ਹਨ ਜਿਹਨਾਂ ਦੇ ਪਾਤਰ ਸਾਲਾਂ ਬੱਧੀ ਸਾਡੇ ਚੇਤਿਆਂ ਨਾਲ ਗਲਵਕੜੀ ਪਾਈ ਰੱਖਦੇ ਹਨ……ਅੱਜ ਬ੍ਰਮਿੰਘਮ ਇੰਗਲੈਂਡ ‘ਚ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ‘ਸੱਜਣ ਸਿੰਘ ਰੰਗਰੂਟ’ ਦਾ ਪ੍ਰੀਮੀਅਰ ਸ਼ੋ ਦੇਖਣ ਦਾ ਮੌਕਾ ਮਿਲਿਆ….ਫਿਲਮ ਦੇਖੀ ਨੂੰ ਕਈ ਘੰਟਿਆਂ ਬਾਅਦ ਵੀ ‘ਸੱਜਣ ਸਿੰਘ’ ਜ਼ਿਹਨ ‘ਤੇ ਕਬਜ਼ਾ ਕਰੀ ਬੈਠਾ ਹੈ……ਜਰਨੈਲ ਸਿੰਘ ਤੇ ਯੋਗਰਾਜ ਸਿੰਘ ਅਜੇ ਵੀ ਮੇਰੇ ਆਸੇ ਪਾਸੇ ਘੁੰਮ ਰਹੇ ਹਨ…..ਸਵਾ ਦੋ ਘੰਟੇ ਦੀ ਫਿਲਮ ਤੁਹਾਨੂੰ ਆਪਣਾ ਆਪਾ ਭੁਲਾ ਦਿੰਦੀ ਹੈ…..ਲਗਦੈ ਜਿਵੇਂ ਸਾਡੇ ਅਣਖੀ ਪੂਰਵਜ਼ ਸਾਡੀ ਹੁਣ ਦੀ ਵਿਕਿਊ ਜ਼ਮੀਰ ਨੂੰ ਲਾਹਨਤਾਂ ਪਾ ਰਹੇ ਹੋਣ….ਉਸ ਵੇਲੇ ਦੇ ਸਿੱਖ ਯੋਧਿਆਂ ਦੀ ਬਹਾਦਰੀ,ਅਣਖ ਤੇ ਵਫ਼ਾਦਾਰੀ ਦਾ ਇੱਕ ਸਾਂਭਣਯੋਗ ਦਸਤਾਵੇਜ਼ ਹੈ’ਰੰਗਰੂਟ’…..
ਦਿਲਜੀਤ ਦੋਸਾਂਝ ਨੂੰ ਖੜੇ ਹੋ ਕੇ ਸਲੂਟ ਕਰਨ ਨੂੰ ਜੀਅ ਕਰ ਰਿਹੈ…..ਕਾਸ਼ ਕਿ ਉਹ ਮੇਰੇ ਕੋਲ ਖੜਾ ਹੁੰਦਾ ਤਾਂ ਉਹਨੂੰ ਮੈਂ ਘੁੱਟ ਕੇ ਜੱਫੀ ਪਾ ਲੈਂਦਾ….ਬੁੱਕਲ ‘ਚ ਲੈ ਕੇ ਉਹਦਾ ਮੱਥਾ ਚੁੱਮ ਲੈਂਦਾ……ਇੱਕ ਅਣਗੌਲੇ ਸਿੱਖ ਦਸਤਵੇਜ਼ ਤੇ ਜੰਮੀਂ ਗਰਦ ਨੂੰ ਝਾੜ ਕੇ ਦਿਲਜੀਤ ਤੇ ਉਸਦੀ ਟੀਮ ਨੇ ਜੋ ਅਹਿਸਾਨ ਪੰਜਾਬੀ ਸਿਨਮੇਂ ਤੇ ਕੀਤਾ ਹੈ ਉਸਦੀ ਜਿੰਨੀਂ ਵੀ ਤਾਰੀਫ ਕੀਤੀ ਜਾਵੇ ਘੱਟ ਹੈ.
ਦਿਲਜੀਤ ਨੇ ਇੱਕ ਵਾਰੀ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਲੋਕਾਂ ਨੂੰ ਹਸਾਉਣ ਦੇ ਨਾਲ ਨਾਲ ਭੁੱਬੀਂ ਰੁਵਾ ਵੀ ਸਕਦਾ ਹੈ.ਇਮੋਸ਼ਨਲ ਸੀਨਾਂ ‘ਚ ਉਸਦੀ ਅਦਾਕਾਰੀ ਕਾਲਜੇ ਨੂੰ ਧੂਹ ਪਾਉਣ ਵਾਲੀ ਹੈ.ਆਪਣੀ ਬਹੁ-ਪੱਖੀ ਕਲਾ ਦਾ ਲੋਹਾ ਉਸਨੇ ਇੱਕ ਵਾਰੀ ਫਿਰ ਮਨਵਾ ਦਿੱਤਾ ਹੈ….ਇੱਕ ਸਿੱਧਾ ਸਾਧਾ ਪੇਂਡੂ ਬ੍ਰਿਟਿਸ਼ ਫੌਜ ‘ਚ ਇਸ ਲਈ ਚਲਾ ਜਾਂਦਾ ਹੈ ਕਿ ਜੇ ਅਸੀਂ ਇਹਨਾਂ ਲਈ ਜੰਗ ਜਿੱਤ ਲਈ ਤਾਂ ਸ਼ਾਇਦ ਅਸੀਂ ਵੀ ਆਜ਼ਾਦ ਹੋ ਜਾਈਏ….ਇਸ ਰੋਲ ਨੂੰ ਜਿੰਨੀ ਸਰਲਤਾ ਸਹਿਜਤਾ ਨਾਲ ਦਿਲਜੀਤ ਨੇ ਨਿਭਾਇਆ ਹੈ-ਉਹ ਦਿਲਜੀਤ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ.
ਯੋਗਰਾਜ ਸਿੰਘ ਦੀ ਇਹ ਸਭ ਤੋਂ ਵਧੀਆ ਫਿਲਮ ਗਰਦਾਨੀ ਜਾ ਸਕਦੀ ਹੈ ਉਸਦੀ ਅਦਾਕਾਰੀ ਇੰਨੀਂ ਜ਼ੋਰਦਾਰ ਹੈ ਕਿ ਤੁਹਾਡੇ ਲੂ-ਕੰਡੇ ਖੜੇ ਹੋ ਜਾਂਦੇ ਹਨ.ਫਿਲਮ ‘ਚ ਵੱਡੇ ਵੱਡੀ ਨਾਵਾਂ ਦੀ ਧਾੜ ਨਹੀਂ ਫਿਰ ਵੀ ਹਰ ਪਾਤਰ ਬਾ-ਕਮਾਲ ਹੈ.ਖਾਸ ਕਰਕੇ ਜਰਨੈਲ ਸਿੰਘ ਦੀ ਗੱਲ ਕਰਨੀ ਬਣਦੀ ਹੈ,ਜੋ ਟੈਂਸ ਮਾਹੌਲ ਦੇ ਵੀ ਕੁੱਤ-ਕਤਾਰੀਆਂ ਕੱਢ ਜਾਂਦਾ ਹੈ.ਫਿਲਮ ‘ਚ ਸਾਰੇ ਸਟੇਜ ਕਲਾਕਾਰਾਂ ਨੇ ਬਹੁਤ ਆਲ੍ਹਾ-ਦਰਜ਼ੇ ਦਾ ਕੰਮ ਕੀਤਾ ਹੈ…..
ਫਿਲਮ ਦੀ ਨਾਇਕਾ ਸੁੰਨਦਾ ਸ਼ਰਮਾ ਦੀ ਇਹ ਪਹਿਲੀ ਫਿਲਮ ਹੈ…..ਪਰ ਫਿਲਮ ਦੇਖ ਕੇ ਨਹੀਂ ਲਗਦਾ ਕਿ ਇਹ ਉਸਦੀ ਪਹਿਲੀ ਫਿਲਮ ਹੈ…ਫਿਲਮ ਵਿਚਲੀ ਜੀਤੀ ਆਪਣੇ ਹੀ ਪਿੰਡ ਦੀ ਕੋਈ ਭੋਲੀ ਭਾਲੀ ਵਹੁਟੀ- ਕੁੜੀ ਲਗਦੀ ਹੈ.
ਨਿਰਦੇਸ਼ਕ ਪੰਕਜ ਬੱਤਰਾ ਨੇ ਸਾਬਿਤ ਕਰ ਦਿੱਤਾ ਹੈ ਉਹ ਕਿਸੇ ਵੀ ਕਲਾਕਾਰ ਤੋਂ ਕਿਸੇ ਵੀ ਤਰਾਂ ਦਾ ਕੱਮ ਲੈ ਸਕਦਾ ਹੈ…..ਉਸਨੇ ਆਪਣੀ ਕਲਾ ਦਾ ਵਾਕਿਆ ਹੀ ਲੋਹਾ ਮਨਵਾ ਦਿੱਤਾ ਹੈ……ਪੰਜਾਬੀ ‘ਚ ਪੀਰੀਅਡ ਫਿਲਮ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ ਪੰਕਜ ਨੇ ਉਹ ਕੱਮ ਕਰ ਵਿਖਾਇਆ ਹੈ ਜਿਸਦੀ ਕਿਸੇ ਨੂੰ ਬਿਲਕੁਲ ਵੀ ਤਵੱਕੋ ਨਹੀਂ ਸੀ……ਫਿਲਮ ਦਾ ਹਰ ਸੀਨ ਵੇਖਣਯੋਗ ਹੈ….ਪਤਾ ਨਹੀਂ ਕਿੰਨੀ ਵਾਰ ਤੁਸੀਂ ਫਿਲਮ ‘ਚ ਹੱਸਦੇ ਹੋ ਤੋਂ ਪਤਾ ਨਹੀਂ ਕਿੰਨੀ ਵਾਰ ਅੱਖਾਂ ਪੂੰਝਦੇ ਹੋ….ਕਿ ਵਾਰ ਤਾਂ ਤੁਹਾਡਾ ਹੁਬਕੀਂ ਹੁਬਕੀਂ ਰੋਣ ਨੂੰ ਦਿਲ ਕਰਦਾ ਹੈ…….ਫਿਲਮ ‘ਚ ਕੁਝ ਵੀ ਨਕਲੀ ਨਹੀਂ ਲਗਦਾ……ਸਿਨਮਾਟੋਗ੍ਰਾਫੀ ਕਿਸੇ ਹੌਲੀਵੁੱਡ ਫਿਲਮ ਦਾ ਭੁਲੇਖਾ ਪਾਉਂਦੀ ਹੈ…..ਸਕ੍ਰੀਨਪਲੇ ਪੂਰੀ ਤਰਾਂ ਗੁੰਦਿਆ ਹੋਇਆ ਹੈ……..ਰਣ ਭੂਮੀ ਸਾਡੀ ਵਿਰਾਸਤ ਹੈ ਪਰ ਅਫਸੋਸ ਅਸੀਂ ਹਾਸੇ ਮਖੌਲ ‘ਚ ਅਜਿਹੇ ਗਵਾਚੇ ਕਿ ਆਪਣਾ ਵਿਰਸਾ ਹੀ ਭੁੱਲ ਬੈਠੇ…..ਕਿਸੇ ਫਿਲਮਕਾਰ ਨੇ ਆਪਣੇ ਵਿਰਸੇ ਨੂੰ ਪਰਦੇ ਤੇ ਰੂਪਮਾਨ ਕਰਨ ਦਾ ਹੀਆ ਹੀ ਨਹੀਂ ਕੀਤਾ……’ਰੰਗਰੂਟ’ ਦੀ ਪੂਰੀ ਟੀਮ ਨੂੰ ਦਿਲੋਂ ਸਲਾਮ ਹੈ ਜਿਹਨਾਂ ਨੇ ਲੀਕ ਤੋਂ ਹਟ ਕੇ ਕੁਝ ਨਵਾਂ ਕਰਨ ਦਾ ਜ਼ੇਰਾ ਕੀਤਾ ਹੈ….ਇੱਕ ਅਣਗੌਲੇ ਇਤਿਹਾਸ ਦੇ ਵਰਕੇ ਮੁੜ ਫੋਲੇ ਹਨ…ਸਾਨੂੰ ਹਲੂਣ ਕੇ ਦੱਸਿਆ ਹੈ ਕਿ ਅਸਲ ‘ਚ ਅਸੀਂ ਹਾਂ ਕੌਣ?
‘ਰੰਗਰੂਟ’ ਰਣ ਭੂਮੀ ਤੇ ਬਣੀ ਹੋਣ ਦੇ ਬਾਵਜ਼ੂਦ ਖੂਨ ਖਰਾਬੇ ਵਾਲੀ ਫਿਲਮ ਨਹੀਂ…..
ਦਿਲਜੀਤ ਦਾ ਕਹਿਣਾ ਹੈ ਕਿ ਜੇ ਉਹ ਚਾਹੁੰਦਾ ਤਾਂ ਜੱਟ ਐਂਡ ਜੂਲੀਅਟ ੩,ਸਰਦਾਰ ਜੀ ੩ ਜਾ ਕੋਈ ਹੋਰ ਕਮੇਡੀ ਫਿਲਮ ਬਣਾਉਣ ਲਈ ਵੀ ਨਿਰਮਾਤਾਵਾਂ ਨੂੰ ਪ੍ਰੇਰ ਸਕਦਾ ਸੀ ਪਰ ਉਸਨੇ ਪ੍ਰੋਡਿਊਸਰ ਨੂੰ ਉਸ ਪ੍ਰੋਜੈਕਟ ਤੇ ਪੈਸੇ ਲਾਉਣ ਲਈ ਮਨਾ ਲਿਆ ਜੋ ਬਹੁਤ ਰਿਸਕੀ ਸੀ…..ਜਿਓੰਦਾ ਰਹਿ ਦਿਲਜੀਤ ਸਿਆਂ…..ਤੈਨੂੰ ਦਿਲੋਂ ਦੁਆਵਾਂ…..
ਰੰਗਰੂਟ ਦੀ ਸੋਸ਼ਲ ਮੀਡੀਆ ਤੇ ਜਿਹੜੀ ਹਾਈਪ ਬਣੀ ਹੋਈ ਸੀ,ਦਿਲ ਧੜਕ ਰਿਹਾ ਸੀ ਕਿ ਪਤਾ ਨਹੀਂ ਫਿਲਮ ਕਿਹੋ ਜਿਹੀ ਹੋਣੀ ਆ ਪਰ ਪੂਰੀ ਟੀਮ ਵਧਾਈ ਦੀ ਹਕ਼ਦਾਰ ਹੈ ਜਿਸਨੇ ਆਸ ਨਾਲੋਂ ਵੀ ਹਜ਼ਾਰ ਗੁਣਾਂ ਵਧੀਆ ਫਿਲਮ ਸਾਡੇ ਸਾਹਮਣੇ ਲਿਆਂਦੀ ਹੈ….
ਰੰਗਰੂਟ ਵਰਗੀਆਂ ਫ਼ਿਲਮਾਂ ਵਾਰ ਵਾਰ ਨਹੀਂ ਬਣਦੀਆਂ ਫਿਲਮ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡਾ ਇਤਿਹਾਸ ਕਿੰਨਾਂ ਮਾਣ ਮੱਤਾ ਹੈ ਤੇ ਅਸੀਂ ਕਿਸ ਬਹਾਦਰ ਕੌਮ ਦਾ ਅੰਸ਼ ਹਾਂ.
ਪੰਜਾਬੀ ਸਿਨਮੇਂ ਨੂੰ ਚਾਰ ਚੰਦ ਲਾਉਣ ਲਈ ਦਿਲਜੀਤ ਤੇ ਉਸਦੀ ਟੀਮ ਦਾ ਦਿਲੋਂ ਧੰਨਵਾਦ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਰੰਗਰੂਟ’ ਆਪਣੇ ਆਪ ‘ਚ ਇੱਕ ਅਣਗੌਲਿਆ ਇਤਿਹਾਸ ਸਮੋਈ ਬੈਠੀ ਹੈ….ਤੇ ਇਹ ਪੰਜਾਬੀ ਸਿਨਮੇਂ ਦਾ ਇੱਕ ਮੀਲ ਪੱਥਰ ਹੈ………ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਸਿਨਮਾਂ ਹੋਰ ਬੁਲੰਦੀਆਂ ਛੋਹੇ ਤਾਂ ਆਓ ਪਰਿਵਾਰ ਸਮੇਤ ਸਿਨਮਾਂ ਘਰ ‘ਚ ਜਾ ਕੇ ਇਹੋ ਜਿਹੀਆਂ ਫ਼ਿਲਮਾਂ ਦੇਖੀਏ…..

(punjabvision team)

COMMENTS

WORDPRESS: 0
DISQUS: