ਦਿਲਜੀਤ ਦੋਸਾਂਝ ਤੇ ਅਨੁਰਾਗ ਸਿੰਘ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਜਦੋਂ ਸੁਪਰ ਸਿੰਘ ਦਾ ਪਹਿਲਾ ਪੋਸਟਰ ਆਇਆ ਤਾਂ ਮੈਨੂੰ ਕੁਝ ਜਚਿਆ ਨਹੀਂ ਸੀ ,ਡਿਸਕੋ ਸਿੰਘ ਤੇ ਫਲਾਇੰਗ ਜੱਟ
ਦਿਲਜੀਤ ਦੋਸਾਂਝ ਤੇ ਅਨੁਰਾਗ ਸਿੰਘ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ
ਜਦੋਂ ਸੁਪਰ ਸਿੰਘ ਦਾ ਪਹਿਲਾ ਪੋਸਟਰ ਆਇਆ ਤਾਂ ਮੈਨੂੰ ਕੁਝ ਜਚਿਆ ਨਹੀਂ ਸੀ ,ਡਿਸਕੋ ਸਿੰਘ ਤੇ ਫਲਾਇੰਗ ਜੱਟ ਵਾਲੀ ਧੁੰਦਲੀ ਜਿਹੀ ਤਸਵੀਰ ਸਾਹਮਣੇ ਆ ਗਈ.ਦਿਲਜੀਤ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਸਨੂੰ ਸਾਡੀ ਗੱਲ ਬਹੁਤੀ ਚੰਗੀ ਨਹੀਂ ਲੱਗੀ.ਕਹਿੰਦਾ “ਭਾਜੀ ਨਵੀਂ ਚੀਜ਼ ਐਨੀ ਸੌਖੀ ਹਜ਼ਮ ਨੀ ਹੁੰਦੀ…ਹੁਣ ਇਹਦੇ ਬਾਰੇ ਫਿਲਮ ਰੀਲੀਜ਼ ਹੋਣ ਤੋਂ ਬਾਅਦ ਗੱਲ ਕਰਾਂਗੇ“
ਮੈਂਨੂੰ ਅੰਦਰੋਂ ਖਦਸ਼ਾ ਸੀ ਕਿ ਸੁਪਰ ਹੀਰੋ ਦਾ ਕਨਸੈਪਟ ਕਿਤੇ ਪੰਜਾਬੀ ਦਰਸ਼ਕਾਂ ਦੇ ਸਰ ਉੱਪਰੋਂ ਹੀ ਨਾਂ ਲੰਘ ਜਾਵੇ.ਪਰ ਸੁਪਰ ਸਿੰਘ ਦੀ ਸਫਲਤਾ ਸਾਹਮਣੇ ਸਾਡੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਧਰੀਆਂ ਧਰਾਈਆਂ ਰਹਿ ਗਈਆਂ ਹਨ…..ਇਸ ਗੱਲ ਤੇ ਵੀ ਮੋਹਰ ਲੱਗ ਗਈ ਹੈ ਕਿ ‘ਸਾਰੀ ਲੋਕਾਈ ਇੱਕ ਤਰਫ ਆਪਣਾ ਦਿਲਜੀਤ ਇੱਕ ਤਰਫ“..ਉਸ ਨਾਲੋਂ ਬੇਹਤਰ ਪੰਜਾਬੀ ਦਰਸ਼ਕਾਂ ਦੀ ਨਬਜ਼ ਹੋਰ ਕੋਈ ਕਲਾਕਾਰ ਨਹੀਂ ਪਹਿਚਾਣ ਸਕਦਾ.ਅੱਜ ਕੱਲ ਪੰਜਾਬੀ ਸਿਨਮੇਂ ‘ਚ ‘ਪੇਂਡੂ ਪੰਜਾਬ‘ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ….ਤੇ ਇਸ ਦੌਰ ‘ਚ ਸੁਪਰ ਹੀਰੋ ਦੇ ਕਨਸੈਪਟ ‘ਤੇ ਫਿਲਮ ਬਣਾਉਣ ਦਾ ਜਿਗਰਾ ਦਿਲਜੀਤ ਤੇ ਅਨੁਰਾਗ ਸਿੰਘ ਹੀ ਕਰ ਸਕਦੇ ਹਨ.
ਸੁਪਰ ਸਿੰਘ ਦਿਲਜੀਤ ਤੇ ਸਿਰਫ ਦਿਲਜੀਤ ਦੀ ਫਿਲਮ ਹੈ…..ਦਿਲਜੀਤ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕਲਾ ਹੀ ਬੌਕਸ ਔਫਿਸ ਦੀਆਂ ਘੰਟੀਆਂ ਖੜਕਾ ਸਕਦਾ ਹੈ……
ਅਨੁਰਾਗ ਸਿੰਘ ਆਪਣੇ ਫੀਲਡ ਦਾ ਉਸਤਾਦ ਹੈ…..ਉਸਨੂੰ ਪਤਾ ਹੈ ਕਿ ਉਹ ਕੀ ਬਣਾ ਰਿਹਾ ਹੈ ਤੇ ਕਿਸ ਲਈ ਬਣਾ ਰਿਹਾ ਹੈ…ਉਹ ਆਪਣੇ ਦਰਸ਼ਕਾਂ ਦੀ ਰਗ ਰਗ ਤੋਂ ਵਾਕਿਫ ਹੈ….ਸੁਪਰ ਸਿੰਘ ਰਾਹੀਂ ਉਹ ਸੋਸ਼ਲ ਮੈਸਜ ਦੇਣ ‘ਚ ਵੀ ਕਾਮਯਾਬ ਹੋਇਆ ਹੈ..ਇਹ ਸੁਨੇਹਾ ਕੀ ਹੈ ,ਇਸ ਲਈ ਫਿਲਮ ਦੇਖਣੀ ਜਰੂਰੀ ਹੈ….ਸਿੱਖ ਭਾਈਚਾਰੇ ਦੀ ਗੱਲ ਉਸਨੇ ਬੜੇ ਸੁਚੱਜੇ ਤਰੀਕੇ ਨਾਲ ਕੀਤੀ ਹੈ…..ਕੁਝ ਲੋਕਾਂ ਨੂੰ ਇਹ ਗੱਲ ਵੀ ਕੌੜ ਤੂੰਬੇ ਵਰਗੀ ਲੱਗ ਰਹੀ ਹੈ ਕਿ ਫਿਲਮ ‘ਚ ਦਿਲਜੀਤ ਐਨੀ ਬੇਬਾਕੀ ਨਾਲ ਸਿਰਫ ਇੱਕ ਫਿਰਕੇ ਦੀ ਹੀ ਕਿਓਂ ਗੱਲ ਕਰ ਰਿਹਾ ਹੈ.?
ਸਿੱਖ ਭਾਈਚਾਰੇ ਤੇ ਬਾਹਰ ਰਹਿੰਦੇ ਪੰਜਾਬੀਆਂ ਨੂੰ ਕੇਂਦਰਿਤ ਰੱਖ ਕੇ ਇਹ ਫਿਲਮ ਬਣਾਈ ਗਈ ਹੈ .ਬਾਹਰਲੇ ਦੇਸ਼ਾਂ ‘ਚ ਵੀ ਇਹ ਫਿਲਮ ਰਿਕਾਰਡ ਤੋੜ ਬਿਜ਼ਨਸ ਕਰੇਗੀ ਇਸ ਬਾਰੇ ਕੋਈ ਦੋ ਰਾਵਾਂ ਨਹੀਂ.
ਪਹਿਲੇ ਦਿਨ ਦੀ ਰਿਪੋਰਟ ਮੁਤਾਬਿਕ ‘ਸੁਪਰ ਸਿੰਘ‘ ‘ਸਰਦਾਰ ਜੀ‘ ਨੂੰ ਟੱਕਰ ਦੇ ਰਿਹਾ ਹੈ.
ਦਿਲਜੀਤ ਦੀ ਅਦਾਕਾਰੀ ਤੇ ਅਨੁਰਾਗ ਦਾ ਨਿਰਦੇਸ਼ਨ ਸਕ੍ਰੀਨਪਲੇ ਦੀ ਪੁਆਂਦ ਢਿੱਲੀ ਨਹੀਂ ਪੈਣ ਦਿੰਦੇ.ਫਿਲਮ ਦੇ ਡਾਇਲਾਗ ਬਾ–ਕਮਾਲ ਹਨ .
ਸੁਪਰ ਸਿੰਘ ਵਿੱਚ ਦਿਲਜੀਤ ਨੇ ਸਾਬਿਤ ਕਰ ਦਿੱਤਾ ਹੈ ਕਿ ਕੌਮਿਕ ਟਾਈਮਿੰਗ ‘ਚ ਉਸਦਾ ਕੋਈ ਜਵਾਬ ਨਹੀਂ…..ਇੱਕ ਤੋਂ ਬਾਅਦ ਇੱਕ ਸੀਨ ‘ਚ ਸਾਡਾ ਸੁਪਰ ਹੀਰੋ ਜੋ ਸਮਾਜ ਸੇਵੀ ਕਾਰਵਾਈਆਂ ਕਰਦਾ ਹੈ,ਉਹ ਹਸਾ ਹਸਾ ਵੱਖੀਆਂ ਦੂਹਰੀਆਂ ਕਰ ਦਿੰਦੀਆਂ ਹਨ.
ਸੋਨਮ ਬਾਜਵਾ ਹਵਾ ਦੇ ਤਾਜ਼ੇ ਬੁੱਲੇ ਵਰਗੀ ਲਗਦੀ ਹੈ.ਫਿਲਮ ਦੇ ਬਾਕੀ ਕਲਾਕਾਰਾਂ ‘ਚੋਂ ਪਵਨ ਮਲਹੋਤਰਾ ਤੇ ਰਾਣਾ ਰਣਬੀਰ ਨੂੰ ਛੱਡ ਕੇ ਬਾਕੀ ਕਲਾਕਾਰ ਜਿਆਦਾਤਰ ਨਵੇਂ ਹਨ ਤੇ ਉਹਨਾਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੈ.ਫਿਲਮ ਦੇਖ ਕੇ ਇਹ ਚਿਹਰੇ ਤਾਜ਼ੇਪਨ ਦਾ ਅਹਿਸਾਸ ਕਰਵਾਉਂਦੇ ਹਨ.
ਜਤਿੰਦਰ ਸ਼ਾਹ ਦਾ ਮਿਉਜ਼ਿਕ ਪਹਿਲਾਂ ਹੀ ਕਈ ਮਿਲੀਅਨ ਵਿਊਜ਼ ਇਕੱਤਰ ਕਰ ਚੁੱਕਾ ਹੈ.
ਫਿਲਮ ਵਿਚ ਦਿਲਜੀਤ ਦੀ ਮਾਂ ਦਾ ਰੋਲ ਕਰਨ ਵਾਲੀ ‘ਨਵਨਿੰਦਰ ਬਹਿਲ’ ਦਾ ਜ਼ਿਕਰ ਖਾਸ ਤੌਰ ਤੇ ਕਰਨਾ ਬਣਦਾ ਹੈ.ਕੋਈ ਓਵਰ ਐਕਟਿੰਗ ਨਹੀਂ ਸਭ ਕੁਝ ਇੰਨਾਂ ਸਹਿਜ ਤੇ ਸਰਲ ਕਮਾਲ ਹੈ.
ਦਿਲਜੀਤ ਦੇ ਦੋਸਤ ‘ਉਸਤਾਦ’ ਦੇ ਰੋਲ ਨੂੰ ਜਿਸ ਸ਼ਿੱਦਤ ਨਾਲ ਇੱਕ ਛੋਟੇ ਬੱਚੇ ਨੇ ਨਿਭਾਇਆ ਹੈ ਉਹ ਦੇਖਣ ਯੋਗ ਹੈ.
ਸੁਪਰ ਸਿੰਘ ਜਿੱਥੇ ਹਸਾ ਹਸਾ ਕੇ ਤੁਹਾਨੂੰ ਲੋਟ ਪੋਟ ਕਰਦੀ ਹੈ,ਉੱਥੇ ਗਰਕ ਰਹੇ ਪੰਜਾਬ ਦੀ ਵੀ ਗੱਲ ਕਰਦੀ ਹੈ.ਡੇਰਾਵਾਦ ਤੇ ਧਰਮ ਦੇ ਨਾਮ ਤੇ ਹੋ ਰਹੇ ਪਾਖੰਡਵਾਦ ਦਾ ਪਰਦਾ ਵੀ ਫਾਸ਼ ਕਰਦੀ ਹੈ.
ਮੇਰੇ ਖਿਆਲ ‘ਚ ਦਿਲਜੀਤ ਦੋਸਾਂਝ ਤੇ ਅਨੁਰਾਗ ਸਿੰਘ ਦੀ ਇਹ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਹੈ.ਝੂਠੇ ਪੇਡ ਰੀਵਿਊਜ਼ ਨੂੰ ਦਰਕਿਨਾਰ ਕਰਕੇ ਇੱਕ ਵਾਰੀ ਜ਼ਰੂਰ ਇਹ ਫਿਲਮ ਦੇਖੋ ਸਾਡਾ ਦਾਅਵਾ ਹੈ ਕਿ ਦੂਜੀ ਵਾਰ ਤੁਸੀਂ ਦੋਸਤਾਂ ਮਿੱਤਰਾਂ ਨੂੰ ਲੈ ਕੇ ਖੁਦ ਬ ਖੁਦ ਸਿਨਮਾ ਘਰ ਜਾਓਗੇ.
ਸਾਨੂੰ ਖੁਸ਼ੀ ਹੈ ਕਿ ਦਿਲਜੀਤ ਤੇ ਅਨੁਰਾਗ ਅੱਜ ਕੱਲ ਇੱਕੋ ਜਿਹੀਆਂ ਬਣ ਰਹੀਆਂ ਪੰਜਾਬੀ ਫ਼ਿਲਮਾਂ ਦੀ ਭੇਡ ਚਾਲ ਦਾ ਹਿੱਸਾ ਨਹੀਂ ਬਣੇ….ਬਲਕਿ ਕੁਝ ਨਵਾਂ ਕਰਨ ਦਾ ਹੀਆ ਕੀਤਾ ਹੈ….ਸੁਪਰ ਸਿੰਘ ਪੰਜਾਬੀ ‘ਚ ਬਣਨ ਵਾਲੀ ਪਹਿਲੀ ਸੁਪਰ ਹੀਰੋ ਪੰਜਾਬੀ ਫਿਲਮ ਹੈ ਤੇ ਪੰਜਾਬੀ ਦਰਸ਼ਕਾਂ ਨੂੰ ਕੁਝ ਨਵਾਂ ਦੇਣ ਲਈ ਸੁਪਰ ਸਿੰਘ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ.
COMMENTS