ਪੰਜਾਬੀ ਫਿਲਮ "ਲਾਵਾਂ ਫੇਰੇ" ਰੀਵਿਊ Movie: Laavaan Phere Director: Smeep Kang Star cast: Roshan Prince, Rubina Bajwa, BN Sharma, Gurpreet Ghuggi, Kara
ਪੰਜਾਬੀ ਫਿਲਮ “ਲਾਵਾਂ ਫੇਰੇ” ਰੀਵਿਊ
Movie: Laavaan Phere
- Director: Smeep Kang
- Star cast: Roshan Prince, Rubina Bajwa, BN Sharma, Gurpreet Ghuggi, Karamjit Anmol, Harby Sangha, Malkeet Rauni, Rupinder Rupi
ਰੋਸ਼ਨ ਪ੍ਰਿੰਸ ਇੱਕ ਵਧੀਆ ਗਾਇਕ ਦੇ ਨਾਲ ਨਾਲ ਆਲ੍ਹਾ ਦਰਜ਼ੇ ਦਾ ਅਦਾਕਾਰ ਵੀ ਹੈ ਇਸ ਬਾਰੇ ਦੋ ਰਾਵਾਂ ਦੀ ਗੁੰਜਾਇਸ਼ ਨਹੀਂ.ਫ਼ਿਲਮਾਂ ਉਸਦੀਆਂ ਭਾਵੇਂ ਉੱਨੀਆਂ ਨਹੀਂ ਚੱਲੀਆਂ ਜਿੰਨੀਆਂ ਚੱਲਣੀਆਂ ਚਾਹੀਦੀਆਂ ਸਨ ਪਰ ਉਸਦੀ ਅਦਾਕਾਰੀ ਤੇ ਉਂਗਲੀ ਨਹੀਂ ਉਠਾਈ ਜਾ ਸਕਦੀ.
ਸ਼ਾਇਦ ਇਹੀ ਵਜ੍ਹਾ ਹੈ ਕਿ ਉਸਨੂੰ ਪੰਜਾਬੀ ਫ਼ਿਲਮਾਂ ਦੀ ਕਦੇ ਤੋੜ ਨਹੀਂ ਆਈ.ਪਿਛਲੇ ਕਈ ਸਾਲਾਂ ਤੋਂ ਉਸਦੀਆਂ ਫ਼ਿਲਮਾਂ ਲਗਾਤਾਰ ਆ ਰਹੀਆਂ ਹਨ.
ਅੱਜ ਉਸਦੀ ਇਕ ਹੋਰ ਪੰਜਾਬੀ ਫਿਲਮ ‘ਲਾਵਾਂ ਫੇਰੇ’ ਰੀਲੀਜ਼ ਹੋਈ ਹੈ.ਸਮੀਪ ਕੰਗ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਸਾਫ ਸੁਥਰੀ ਨਿਰੋਲ ਕਮੇਡੀ ਫਿਲਮ ਹੈ.ਫਿਲਮ ‘ਚ ਰੌਸ਼ਨ ਦੇ ਨਾਲ ਨੀਰੂ ਬਾਜਵਾ ਦੀ ਭੈਣ ਰੁਬੀਨਾ ਹੈ.ਦੋਹਾਂ ਦੀ ਆਪਸ ‘ਚ ਟਿਊਨਿੰਗ ਦੇਖ ਕੇ ਲਗਦਾ ਹੈ ਕਿ ਪੰਜਾਬੀ ਫ਼ਿਲਮਾਂ ਨੂੰ ਇੱਕ ਹੋਰ ਬੇਹਤਰੀਨ ਜੋੜੀ ਮਿਲ ਗਈ ਹੈ.ਰੁਬੀਨਾ ਜਿੰਨੀਂ ਸੋਹਣੀ ਹੈ ਉਹਦੇ ਨਾਲੋਂ ਵੀ ਵਧੀਆ ਅਦਾਕਾਰ ਸਾਬਿਤ ਹੋਈ ਹੈ ਇਸ ਫਿਲਮ ਰਾਹੀਂ.ਫਿਲਮ ‘ਚ ਗੁਰਪ੍ਰੀਤ ਘੁੱਗੀ,ਸੰਘਾ,ਕਰਮਜੀਤ ਅਨਮੋਲ,ਬੀ ਐਨ ਸ਼ਰਮਾ ਜਿਹੇ ਪੁਰਾਣੇ ਕਮੇਡੀ ਖੁੰਡਾਂ ਦੀ ਮੌਜੂਦਗੀ ‘ਚ ਵੀ ਰੋਸ਼ਨ ਪ੍ਰਿੰਸ ਕਿਸੇ ਵੀ ਸੀਨ ‘ਚ ਦਬਿਆ ਹੋਇਆ ਦਿਖਾਈ ਨਹੀਂ ਦਿੰਦਾ.ਕੁਝ ਇੱਕ ਜਗ੍ਹਾ ਤਾਂ ਲਗਦਾ ਹੈ ਕਿ ਇੱਕ ਉਹੀ ਹੈ ਜੋ ਅਦਾਕਾਰੀ ਕਰ ਰਿਹੈ ਬਾਕੀ ਤਾਂ ਓਵਰ ਹੋ ਰਹੇ ਹਨ.
ਐਨੇ ਝੋਟਿਆਂ ਦੇ ਗੱਲ ਇੱਕ ਪੰਜਾਲੀ ਪਾਉਣੀ, ਇਹ ਕੰਮ ਸਮੀਪ ਕੰਗ ਹੀ ਕਰ ਸਕਦਾ ਹੈ.ਬੜੇ ਚਿਰਾਂ ਬਾਅਦ ਉਹ ਆਪਣੇ ਰੰਗ ‘ਚ ਦੀਖਿਆ ਹੈ.
ਫਿਲਮ ਲਿਖੀ ਹੈ ਆਪਣੇ ਪਾਲੀ ਭੁਪਿੰਦਰ ਨੇ…..ਯਕੀਨ ਨਹੀਂ ਆਉਂਦਾ ਕਿ ਐਨੀ ਸਹਿਜ ਕਲਮ ਨੇ ਹਾਸਿਆਂ ਦੀ ਪੋਚਵੀਂ ਫੱਟੀ ਕਿਵੇਂ ਉੱਕਰ ਦਿੱਤੀ?ਮੰਨਣਾਂ ਪਵੇਗਾ ਕਿ ਪਾਲੀ ਦੀ ਕਲਮ ਸਰਬ ਕਲਾ ਸੰਪੂਰਨ ਹੈ ਤੇ ਉਹ ਕੁਝ ਵੀ ਲਿਖ ਸਕਦਾ ਹੈ ਤੇ ਉਹ ਵੀ ਬੜੀ ਸਰਲਤਾ ਨਾਲ.ਐਨੇ ਪਾਤਰਾਂ ‘ਚ ਵੀ ਉਹਦੀ ਕਲਮ ਬੌਂਦਲੀ ਨਹੀਂ ਤੇ ਕਿਤੇ ਵੀ ਭਲੋਬਾ ਡਿਗਿਆ ਨਹੀਂ ਦਿਸਦਾ…. ਆਉਣ ਵਾਲੇ ਦਿਨਾਂ ‘ਚ ਪਾਲੀ ਦੀ ਕਲਮ ਹੋਰ ਵੀ ਕਈ ਇਬਾਰਤਾਂ ਲਿਖ ਸਕਦੀ ਹੈ ਪਰ ਜੇ ਕੋਈ ਪੂੰਝੇ ਪਾਉਣ ਵਾਲਾ ਨਾ ਹੋਵੇ ਤਾਂ……
ਕਮੇਡੀ ‘ਚ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਦੀ ਝੰਡੀ ਹੈ ਪਰ ਕਿਤੇ ਕਿਤੇ ਕਰਮਜੀਤ ਵਿੰਗੇ ਮੂੰਹ ਦੀ ਐਕਟਿੰਗ ‘ਚ ਓਵਰ ਹੋ ਗਿਆ ਜਾਪਿਆ.ਤੀਜੇ ਜੀਜੇ ਸੰਘੇ ਨੂੰ ਦੂਜਿਆਂ ਜੀਜਿਆਂ ਦੇ ਬਰਾਬਰ ਬਹਿਣ ਨੂੰ ਅਜੇ ਥੋੜਾ ਵਕਤ ਹੋਰ ਲੱਗੇਗਾ.ਉਸਦੇ ਪੰਚ ਵੀ ਬਾਕੀਆਂ ਦੇ ਮੁਕਾਬਲੇ ਥੋੜੇ ਫਿੱਕੇ ਲੱਗੇ.
ਬੀ ਐਨ ਸ਼ਰਮਾ,ਐਨੇ ਰਾਲੇ ਗੌਲੇ ‘ਚ ਵੀ ਅਣਗੌਲਿਆ ਨਹੀਂ ਰਿਹਾ.
ਫਿਲਮ ਦਾ ਤਾਣਾ ਬਾਣਾ ਨੁਆਰੀ ਮੰਜੇ ਵਾਂਗ ਬੁਣਿਆਂ ਹੋਇਆ ਹੈ….ਸੰਗੀਤ ਦੀ ਪੁਆਂਦ ਵੀ ਚੰਗੀ ਤਰਾਂ ਕੱਸੀ ਹੋਈ ਹੈ.ਫਿਲਮ ‘ਚ ਦੋ ਅਰਥੀ ਗੱਲਾਂ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਹੋਇਆ ਹੈ.ਆਪਣੇ ਪੂਰੇ ਪਰਿਵਾਰ ਨਾਲ ਆਨੰਦ ਮਾਨਣ ਵਾਲੀ ਫਿਲਮ ਹੈ “ਲਾਵਾਂ ਫੇਰੇ”
ਫਿਲਮ ਦਾ ਅਖੀਰ ਟਿਪੀਕਲ ਸਮੀਪ ਕੰਗ ਟਾਈਪ ਕਲਾਈਮੈਕਸ ਹੈ……ਫਿਲਮ ਦੀ ਰਫਤਾਰ ਕਿਤੇ ਵੀ ਮੱਠੀ ਨਹੀਂ ਪੈਂਦੀ…..ਤੇ ਪਤਾ ਹੀ ਨਹੀਂ ਲਗਦਾ ਫਿਲਮ ਕਦੋਂ ਮੁੱਕ ਗਈ.
ਫਿਲਮ ‘ਚ ਬਹੁਤੇ ਪੈਸੇ ਕਰਮਜੀਤ ਅਨਮੋਲ ਦੇ ਲੱਗੇ ਹਨ ਤੇ ਫਿਲਮ ਨੂੰ ਮਿਲੇ ਰਿਸਪੌਂਸ ਤੋਂ ਲੱਗ ਰਿਹੈ ਕਿ ਕਰਮਜੀਤ ਦੇ ਅਗਲੇ ਪਿਛਲੇ ਸਾਰੇ ਧੋਣੇ ਧੋ ਹੋ ਜਾਣੇ ਹਨ..ਪੰਜਾਬ ਵਿਚ ਹੀ ਨਹੀਂ ਬਾਹਰਲੇ ਦੇਸ਼ਾਂ ‘ਚ ਵੀ ਫਿਲਮ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ……..ਰੋਸ਼ਨ ਪ੍ਰਿੰਸ ਦੇ ਕੈਰੀਅਰ ਦਾ ਵੀ ਟਰਨਿੰਗ ਪੁਆਇੰਟ ਬਣਨ ਜਾ ਰਹੀ ਹੈ “ਲਾਵਾਂ ਫੇਰੇ”….
ਸਾਡੇ ਵਲੋਂ ਫਿਲਮ ਨੂੰ ਪੰਜ ਵਿਚੋਂ 4 ਨੰਬਰ.
punjab vision bureau
COMMENTS