ਸੁਰਵੀਨ ਚਾਵਲਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਚਹੇਤੀ ਅਦਾਕਾਰਾ ਹੈ। ਕਰੋੜਾਂ ਲੋਕ ਉਸ ਦੀ ਅਦਾਕਾਰੀ ਦੇ ਮੁਰੀਦ ਤਾਂ ਹਨ ਹੀ, ਬਹੁਤ ਸਾਰੇ ਲੋਕ ਉਸ ਦੇ ਮਿੱਠ ਬੋਲੜੇ ਸੁਭਾਅ ਅਤੇ ਵਤੀਰੇ ਕਾ
ਸੁਰਵੀਨ ਚਾਵਲਾ ਪੰਜਾਬੀ ਫ਼ਿਲਮ ਇੰਡਸਟਰੀ ਦੀ ਚਹੇਤੀ ਅਦਾਕਾਰਾ ਹੈ। ਕਰੋੜਾਂ ਲੋਕ ਉਸ ਦੀ ਅਦਾਕਾਰੀ ਦੇ ਮੁਰੀਦ ਤਾਂ ਹਨ ਹੀ, ਬਹੁਤ ਸਾਰੇ ਲੋਕ ਉਸ ਦੇ ਮਿੱਠ ਬੋਲੜੇ ਸੁਭਾਅ ਅਤੇ ਵਤੀਰੇ ਕਾਰਨ ਵੀ ਉਸ ਦੇ ਪ੍ਰਸ਼ੰਸਕ ਹਨ। ਉਸ ਦਾ ਫ਼ਿਲਮੀ ਕਰੀਅਰ ਕੋਈ ਬਹੁਤਾ ਲੰਮਾ ਨਹੀਂ ਹੈ। ਪਰ ਇਸ ਛੋਟੇ ਜਿਹੇ ਸਫ਼ਰ ਦੌਰਾਨ ਹੀ ਉਸ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਅਤੇ ਚਾਰੂ, ਕਸਕ ਤੇ ਕਾਜਲ ਵਰਗੇ ਪਿਆਰ ਭਰੇ ਨਾਂ ਮਿਲੇ ਹਨ। ਸੁਰਵੀਨ ਨੂੰ ਮੈਂ ਪਹਿਲੀ ਵਾਰ ਕਾਮੇਡੀ ਸ਼ੋਅ ‘ਕਾਮੇਡੀ ਸਰਕਸ ਦਾ ਸੁਪਰਸਟਾਰ’ ਵਿੱਚ ਦੇਖਿਆ ਸੀ। ਇਸ ਸ਼ੋਅ ਦਾ ਮੈਂ ਤਕਰੀਬਨ ਹਰ ਐਪੀਸੋਡ ਦੇਖਿਆ ਹੈ। ਉਸ ਦੀ ਗੱਲਬਾਤ ਦੇ ਲਹਿਜੇ ਅਤੇ ਪੇਸ਼ਕਾਰੀ ਤੋਂ ਹੋਰਨਾਂ ਵਾਂਗ ਮੈਂ ਵੀ ਪ੍ਰਭਾਵਤ ਹੋਇਆ। ਬਾਅਦ ‘ਚ ਜਦੋਂ ਮੈਂ ਉਸ ਦੇ ਸੀਰੀਅਲ ‘ਕਹੀਂ ਤੋ ਹੋਗਾ’ ਅਤੇ ‘ਕਸੌਟੀ ਜ਼ਿੰਦਗੀ ਕੀ’ ਦੇਖੇ ਤਾਂ ਪਤਾ ਲਗਿਆ ਕਿ ਇਹ ਤਾਂ ਕਮਾਲ ਦੀ ਅਦਾਕਾਰ ਹੈ। ਉਸ ਸਮੇਂ ਤੋਂ ਮੈਂ ਸੁਰਵੀਨ ਨਾਲ ਜੁੜੀ ਹਰ ਫ਼ਿਲਮ, ਹਰ ਖ਼ਬਰ, ਹਰ ਇੰਟਰਵਿਊ ਪੜ੍ਹਦਾ ਆ ਰਿਹਾ ਹਾਂ। ਜਦੋਂ ਉਹ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਤਾਂ ਪਤਾ ਲੱਗਿਆ ਕਿ ਉਹ ਮੰਝੀ ਹੋਈ ਅਦਾਕਾਰਾ ਹੀ ਨਹੀਂ ਬਲਕਿ ਇਕ ਜ਼ਿੰਦਾਦਿਲ ਤੇ ਹਸਮੁਖ ਇਨਸਾਨ ਵੀ ਹੈ। ਬੇਸ਼ੱਕ ਹੁਣ ਉਹ ਨਾਮੀ ਅਦਾਕਾਰਾ ਬਣ ਚੁੱਕੀ ਹੈ। ਪਰ ਸ਼ੌਹਰਤ ਦਾ ਨਸ਼ਾ ਉਸ ਨੇ ਆਪਣੇ ਸਿਰ ‘ਤੇ ਸਵਾਰ ਨਹੀਂ ਹੋਣ ਦਿੱਤਾ। ਸ਼ਾਇਦ ਉਸ ਦੀ ਕਾਮਯਾਬੀ ਦੀ ਵਜ੍ਹਾ ਵੀ ਇਹੀ ਹੈ। ਪੇਸ਼ ਹੈ ਸੁਰਵੀਨ ਚਾਵਲਾ ਨਾਲ ਸਾਡੀ ਇਹ ਖ਼ਾਸ ਗੱਲਬਾਤ :
ਸੁਰਵੀਨ ਤੁਸੀਂ ਮੈਨੂੰ ਦੋ ਦਿਨਾਂ ਤੋਂ ਇੰਟਰਵਿਊ ਲਈ ਰੋਕਿਆ ਹੋਇਆ ਹੈ। ਆਖਰ ਏਨਾ ਕਿਥੇ ਵਿਅਸਤ ਹੋ?
ਫ਼ਿਲਮਾਂ ‘ਚ ਹੋਰ ਕਿਥੇ। ਦਰਅਸਲ ਦੋ ਫ਼ਿਲਮਾਂ ਦੀ ਡਬਿੰਗ ਚਲ ਰਹੀ ਹੈ। ਕੁਝ ਦਿਨਾਂ ਤੋਂ ਸਾਰਾ-ਸਾਰਾ ਦਿਨ ਇਸੇ ‘ਚ ਹੀ ਲੰਘ ਰਿਹਾ ਹੈ। ਹੋਰ ਕਿਸੇ ਕੰਮ ਲਈ ਵਿਹਲ ਹੀ ਨਹੀਂ ਮਿਲ ਰਹੀ। ਇਸੇ ਚੱਕਰ ‘ਚ ਹੀ ਆਪਣੀ ਇੰਟਰਵਿਊ ਲੇਟ ਹੋਈ ਹੈ।
ਕਿਹੜੀਆਂ-ਕਿਹੜੀਆਂ ਫ਼ਿਲਮਾਂ ਆ ਰਹੀਆਂ ਹਨ ਤੁਹਾਡੀਆਂ ਤੇ ਕਿੰਨਾਂ ਫ਼ਿਲਮਾਂ ‘ਚ ਰੁੱਝੇ ਹੋਏ ਹੋ।
ਹੁਣ ਤੁਸੀਂ ਮੈਨੂੰ ਹਿੰਦੀ ਫ਼ਿਲਮਾਂ ‘ਚ ਵੀ ਦੇਖੋਗੇ। ਇਨ੍ਹਾਂ ਫ਼ਿਲਮਾਂ ਦੀ ਹੀ ਡਬਿੰਗ ‘ਚ ਰੁੱਝੀ ਹੋਈ ਹਾਂ। ਇਨ੍ਹਾਂ ਵਿਚੋਂ ਇਕ ਫ਼ਿਲਮ ਹੈ ‘ਹੇਟ ਸਟੋਰੀ-2’। ਤੁਸੀਂ ਇਸ ਫ਼ਿਲਮ ਦਾ ਪਹਿਲਾਂ ਪਾਰਟ ਦੇਖ ਚੁੱਕੇ ਹੋ। ਇਹ ਇਸ ਦਾ ਅਗਲਾ ਪਾਰਟ ਹੈ। ਇਸ ਫ਼ਿਲਮ ‘ਚ ਮੈਂ ਮੁੱਖ ਕਿਰਦਾਰ ਨਿਭਾ ਰਹੀ ਹਾਂ। ਇਹ ਫ਼ਿਲਮ ਬਦਲੇ ਦੀ ਕਹਾਣੀ ਹੈ। ਫ਼ਿਲਮ ਦੀ ਨਾਇਕਾ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਜਾਂਦਾ ਹੈ, ਤੇ ਉਹ ਆਪਣੇ ਪ੍ਰੇਮੀ ਦੀ ਮੌਤ ਦਾ ਬਦਲਾ ਲੈਂਦੀ ਹੈ। ਇਹ ਬਦਲਾ ਕਿਵੇਂ ਲੈਂਦੀ ਹੈ। ਇਹ ਫ਼ਿਲਮ ‘ਚ ਵੇਖਿਓ। ਇਸ ਤੋਂ ਇਲਾਵਾ ਅਨੁਰਾਗ ਕਸ਼ਯਪ ਦੀ ਫ਼ਿਲਮ ‘ਅਗਲੀ’ ‘ਚ ਅਹਿਮ ਕਿਰਦਾਰ ਨਿਭਾ ਰਹੀ ਹਾਂ। ਇਹ ਹਾਰਰ ਤੇ ਥ੍ਰਿਲ ਫ਼ਿਲਮ ਹੈ। ਇਸ ਫ਼ਿਲਮ ‘ਚ ਬਹੁਤ ਸਾਰੇ ਕਿਰਦਾਰ ਹਨ। ਭੂਤਾਂ-ਪ੍ਰੇਤਾਂ ‘ਤੇ ਬਣੀ ਥ੍ਰਿਲ ਭਰਪੂਰ ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ‘ਕਾਨਸ ਫ਼ਿਲਮ ਫ਼ੈਸਟੀਵਲ’ ਵੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਤੋਂ ਇਲਾਵਾ ਦੋ ਹੋਰ ਪੰਜਾਬੀ ਫ਼ਿਲਮਾਂ ਲਾਈਨ ‘ਚ ਹਨ।
ਆਪਣੀ ਹੁਣ ਤੱਕ ਦੀ ਬੈਸਟ ਪੰਜਾਬੀ ਫ਼ਿਲਮ ਕਿਸ ਨੂੰ ਮੰਨਦੇ ਹੋ। ਹੁਣ ਤੱਕ ਨਿਭਾਏ ਕਿਰਦਾਰਾਂ ‘ਚੋਂ ਸਭ ਤੋਂ ਪਸੰਦ ਕਿਹੜਾ ਕਿਰਦਾਰ ਹੈ?
Êਪੰਜਾਬੀ ਸਿਨੇਮੇ ‘ਚ ਮੇਰੀ ਸ਼ੁਰੂਆਤ ‘ਧਰਤੀ’ ਫ਼ਿਲਮ ਰਾਹੀਂ ਹੋਈ ਸੀ। ਇਸ ਮਗਰੋਂ ਮੇਰੀਆਂ ਚਾਰ ਪੰਜਾਬੀ ਫ਼ਿਲਮਾਂ ਹੋਰ ਆਈਆਂ। ਮੈਨੂੰ ਆਪਣੀ ਹਰ ਫ਼ਿਲਮ ਚੰਗੀ ਲੱਗੀ ਹੈ, ਪਰ ‘ਸਿੰਘ ਵਰਸਿਜ਼ ਕੌਰ’ ਮੇਰੀ ਹੁਣ ਤੱਕ ਦੀ ਪਸੰਦੀਦਾ ਫ਼ਿਲਮ ਹੈ। ਇਸ ਫ਼ਿਲਮ ‘ਚ ਨਿਭਾਇਆ ‘ਜਸਮੀਤ ਕੌਰ’ ਦਾ ਕਿਰਦਾਰ ਮੈਨੂੰ ਆਪਣਾ ਸਭ ਤੋਂ ਪਿਆਰਾ ਕਿਰਦਾਰ ਲਗਦਾ ਹੈ। ਜਸਮੀਤ ਦਾ ਕਿਰਦਾਰ ਕਿਤੇ ਨਾ ਕਿਤੇ ਮੇਰੇ ਅਸਲ ਕਿਰਦਾਰ ਨਾਲ ਵੀ ਮੇਲ ਖਾਂਦਾ ਹੈ। ਜਿਸ ਤਰ੍ਹਾਂ ਜਸਮੀਤ ਮਾਡਰਨ ਕੁੜੀ ਹੈ, ਪਰ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਪੁਰਾਣੇ ਖਿਆਲਾਤ ਤੇ ਰੀਤੀ-ਰਿਵਾਜ਼ਾਂ ਦੀ ਕਦਰ ਕਰਦੀ ਹੈ। ਮੈਂ ਵੀ ਆਪਣੀ ਜ਼ਿੰਦਗੀ ‘ਚ ਇਸੇ ਤਰ੍ਹਾਂ ਦੀ ਹੀ ਹਾਂ। ਸ਼ਾਇਦ ਇਸ ਲਈ ਇਹ ਕਿਰਦਾਰ ਮੈਨੂੰ ਜ਼ਿਆਦਾ ਵਧੀਆ ਲਗਦਾ ਹੈ।
ਕੋਈ ਐਸਾ ਕਿਰਦਾਰ ਜੋ ਤੁਸੀਂ ਨਿਭਾਉਣ ਦੀ ਇੱਛਾ ਰਖਦੇ ਹੋ?
ਦੇਖੋ, ਜਿਹੜੇ ਕਿਰਦਾਰ ਤੁਹਾਡੇ ਅਸਲ ਕਿਰਦਾਰ ਤੋਂ ਬਹੁਤ ਵੱਖਰੇ ਹੁੰਦੇ ਹਨ, ਐਸੇ ਕਿਰਦਾਰ ਹਰ ਕਲਾਕਾਰ ਕਰਨ ਦੀ ਇੱਛਾ ਰਖਦਾ ਹੈ। ਮੇਰੇ ਲਈ ਕੋਈ ਇਕ ਕਿਰਦਾਰ ਦੱਸਣਾ ਬਹੁਤ ਮੁਸ਼ਕਲ ਹੈ। ਬਹੁਤ ਸਾਰੇ ਐਸੇ ਕਿਰਦਾਰ ਹਨ ਜੋ ਮੈਂ ਨਿਭਾਉਣਾ ਚਾਹੁੰਦੀ ਹਾਂ। ਪਰ ਫ਼ਿਲਹਾਲ ਮੇਰੀ ਇੱਛਾ ਕਿਸੇ ਐਕਸ਼ਨ ਫ਼ਿਲਮ ‘ਚ ਦਮਦਾਰ ਕਿਰਦਾਰ ਨਿਭਾਉਣ ਦੀ ਹੈ।
ਤੁਹਾਡੀ ਐਕਟਿੰਗ ਨੂੰ ਲੈ ਕੇ ਪਰਿਵਾਰ ਵਾਲਿਆਂ ਦੀ ਕੀ ਪ੍ਰਤੀਕਿਰਿਆ ਹੈ?
ਮੈਂ ਅੱਜ ਜੋ ਵੀ ਹਾਂ ਆਪਣੇ ਪਰਿਵਾਰ ਦੀ ਬਦੌਲਤ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਹਰ ਮੋੜ ‘ਤੇ ਮੇਰੇ ਪਰਿਵਾਰ ਦਾ ਸਹਿਯੋਗ ਮਿਲਿਆ ਹੈ। ਮੇਰੀ ਫ਼ੈਮਿਲੀ ਮੇਰੀ ਹਰ ਫ਼ਿਲਮ ਦੇਖਦੀ ਹੈ। ਮੇਰੇ ਹਰ ਕਿਰਦਾਰ ‘ਤੇ ਘਰ ‘ਚ ਗੱਲ ਹੁੰਦੀ ਹੈ। ਉਨ੍ਹਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ‘ਤੇ ਗੌਰ ਕਰਦੀ ਹਾਂ। ਪਰਿਵਾਰ ਦੇ ਸਹਿਯੋਗ ਸਦਕਾ ਹੀ ਮੈਂ ਹਰ ਵਾਰ ਪਹਿਲਾਂ ਨਾਲੋਂ ਕੁਝ ਵੱਖਰਾ ਤੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੀ ਹਾਂ।
ਇਸ ਇੰਡਸਟਰੀ ‘ਚ ‘ਗਾਡ ਫ਼ਾਦਰ’ ਦੀ ਕਿੰਨੀ ਕੁ ਅਹਿਮੀਅਤ ਹੈ।
ਇਸ ਲਾਈਨ ‘ਚ ਹਰ ਚੀਜ਼ ਦੀ ਆਪਣੀ-ਆਪਣੀ ਅਹਿਮੀਅਤ ਹੈ। ਜੇ ਗਾਡ ਫ਼ਾਦਰ ਹੋਵੇ ਤਾਂ ਮਿਹਨਤ ਘੱਟ ਕਰਨੀ ਪੈਂਦੀ ਹੈ। ਧੱਕੇ ਨਹੀਂ ਖਾਣੇ ਪੈਂਦੇ, ਕੰਮ ਸੌਖਿਆਂ ਮਿਲ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੰਮ ਹੀ ਨਹੀਂ ਮਿਲਦਾ। ਗਾਡ ਫ਼ਾਦਰ ਹੋਵੇ ਤਾਂ ਤੁਹਾਡੀ ਸ਼ੁਰੂਆਤ ਸੌਖਿਆਂ ਹੋ ਜਾਂਦੀ ਹੈ। ਉਸ ਤੋਂ ਬਾਅਦ ਤਾਂ ਤੁਹਾਡਾ ਕੰਮ ਹੀ ਤੁਹਾਡਾ ਰਾਹ ਦਸੇਰਾ ਬਣਦਾ ਹੈ।
ਤੁਹਾਡੇ ਦੋਸਤਾਂ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਸੁਰਵੀਨ ਗਾਉਂਦੀ ਬਹੁਤ ਵਧੀਆ ਹੈ। ਇਹ ਸ਼ੌਕ ਕਦੋਂ ਪਿਆ?
ਗਾਉਣ ਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਹੈ। ਮੈਂ ਕਲਾਸਿਕ ਸੰਗੀਤ ਵੀ ਸਿੱਖਿਆ ਹੋਇਆ ਹੈ। ਪਰ ਸਾਰਾ ਧਿਆਨ ਐਕਟਿੰਗ ਵੱਲ ਹੋਣ ਕਾਰਨ ਇਹ ਸ਼ੌਕ ਵਿੱਚੇ ਰਹਿ ਗਿਆ ਸੀ। ਪਰ ਹੁਣ ਤੁਸੀਂ ਛੇਤੀ ਹੀ ਮੈਨੂੰ ਗਾਉਂਦੇ ਹੋਏ ਵੀ ਦੇਖੋਗੇ। ਮੈਂ ਫ਼ਿਲਹਾਲ ਇਹ ਸਰਪ੍ਰਾਈਜ਼ ਹੀ ਰਖਣਾ ਚਾਹੁੰਦੀ ਹਾਂ।
ਅੱਛਾ ਤੁਸੀਂ ਸਿੱਖ ਪਰਿਵਾਰ ਨਾਲ ਸਬੰਧਤ ਹੋ ਪਰ ਸੁਣਿਆ ਤੁਹਾਡਾ ਵਿਸ਼ਵਾਸ ਬੁੱਧ ਧਰਮ ‘ਚ ਹੈ। ਅਜਿਹਾ ਕਿਉਂ?
ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਨੂੰ ਬੁੱਧ ਧਰਮ ‘ਚ ਬਹੁਤ ਯਕੀਨ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਧਰਮ ‘ਚ ਮੇਰਾ ਵਿਸ਼ਵਾਸ ਨਹੀਂ ਹੈ। 6 ਮਹੀਨਿਆਂ ਦੀ ਸੀ ਜਦੋਂ ਦਾ ਪਾਠ ਮੇਰੇ ਕੰਨੀ ਪੈ ਰਿਹਾ ਹੈ। ਬਚਪਨ ਤੋਂ ਹੀ ਪਾਠ ਕਰਦੀ ਆ ਰਹੀ ਹਾਂ। ਦੇਖੋ ਹਰ ਇਨਸਾਨ ਦੀ ਲਾਈਫ ਜਰਨੀ ਹੁੰਦੀ ਹੈ। ਜਿੱਦਾਂ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਹੋਵੇ ਤਾਂ ਤੁਸੀਂ ਕੋਈ ਵੀ ਰਸਤਾ ਫੜ੍ਹ ਸਕਦੇ ਹੋ। ਬਹੁਤ ਰਸਤੇ ਹਨ। ਪਰ ਆਖਰ ਰਸਤੇ ਪਹੁੰਚਦੇ ਤਾਂ ਦਿੱਲੀ ਹੀ ਹਨ। ਇਸੇ ਤਰ੍ਹਾਂ ਤੁਸੀਂ ਕੋਈ ਵੀ ਧਰਮ ਅਪਣਾ ਲਵੋ ਜੁੜੋਗੇ ਤਾਂ ਆਖਰ ਪ੍ਰਮਾਤਮਾ ਨਾਲ ਹੀ। ਉਹੀ ਹਾਲ ਮੇਰੇ ਨਾਲ ਹੋਇਆ ਹੈ। ਮੈਨੂੰ ਇਹ ਰਸਤਾ ਬੁੱਧ ਧਰਮ ਰਾਹੀਂ ਮਿਲ ਗਿਆ ਹੈ। ਮੇਰੇ ਲਈ ਬੁੱਧ ਧਰਮ, ਧਰਮ ਨਾਲੋਂ ਜ਼ਿਆਦਾ ਇਕ ਸ਼ਕਤੀ ਹੈ, ਜੋ ਮੈਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਗੁਰਦੁਆਰਾ ਸਾਹਿਬ ਮੈਂ ਅੱਜ ਵੀ ਜਾਂਦੀ ਹਾਂ, ਟਾਈਮ ਮਿਲਦਿਆਂ ਪਾਠ ਵੀ ਕਰਦੀ ਹਾਂ।
ਤੁਹਾਡੇ ਅਤੇ ਕ੍ਰਿਕਟਰ ਸ਼੍ਰੀਸ਼ਾਂਤ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਹਕੀਕਤ ਕੀ ਹੈ?
ਇਹ ਸਭ ਗੱਲਾਂ ਬਹੁਤ ਪੁਰਾਣੀਆਂ ਹਨ। ਸ਼੍ਰੀਸ਼ਾਂਤ ਮੇਰਾ ਬਹੁਤ ਵਧੀਆ ਦੋਸਤ ਸੀ। ਇਹ ਪੰਜ ਸਾਲ ਪਹਿਲਾਂ ਦੀ ਗੱਲ ਹੈ। ਹੁਣ ਮੇਰਾ ਇਨ੍ਹਾਂ ਗੱਲਾਂ ਨਾਲ ਕੋਈ ਨਾਤਾ ਨਹੀਂ ਹੈ। ਸਾਡੀ ਮੁਲਾਕਾਤ ਰਿਆਲਟੀ ਸ਼ੋਅ ‘ਏਕ ਖਿਲਾੜੀ ਏਕ ਹਸੀਨਾ’ ਦੇ ਸੈੱਟ ‘ਤੇ ਹੋਈ ਸੀ। ਉਸ ਸਮੇਂ ਸਾਡੀ ਬਹੁਤ ਵਧੀਆ ਦੋਸਤੀ ਸੀ। ਪਰ ਇਸ ਦੋਸਤੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਸੋ ਇਨ੍ਹਾਂ ਪੁਰਾਣੀਆਂ ਗੱਲਾਂ ‘ਤੇ ਚਰਚਾ ਕਰਨਾ ਬੇਕਾਰ ਹੈ।
ਆਪਣੀਆਂ ਸਮਕਾਲੀ ਹੀਰੋਇਨਾਂ ਬਾਰੇ ਕੀ ਕਹੋਗੋ? ਤੁਸੀਂ ਨਿੱਜੀ ਤੌਰ ‘ਤੇ ਕਿਸ ਨੂੰ ਹੋਰਨਾਂ ਨਾਲੋਂ ਬਿਹਤਰ ਸਮਝਦੇ ਹੋ?
ਮੇਰੀ ਪਹਿਲੀ ਫ਼ਿਲਮ ‘ਚ ਕੋਈ ਹੋਰ ਅਭਿਨੇਤਰੀ ਨਹੀਂ ਸੀ। ਦੂਜੀ ਫ਼ਿਲਮ ‘ਚ ਮੇਰੇ ਨਾਲ ਅੰਮ੍ਰਿਤਾ ਪਾਠਕ ਸੀ ਤੇ ਤੀਜੀ ਫ਼ਿਲਮ ‘ਚ ਨੀਤੂ ਸਿੰਘ। ਮੇਰੀ ਸਭ ਨਾਲ ਵਧੀਆ ਦੋਸਤੀ ਹੈ। ਇੰਡਸਟਰੀ ਦੀ ਕਿਸੇ ਵੀ ਐਕਟਰਸ ਨਾਲ ਰੰਜਿਸ਼ਬਾਜ਼ੀ ਨਹੀਂ ਹੈ। ਨੀਰੂ ਬਾਜਵਾ ਨਾਲ ਮੈਂ ਕਦੇ ਕੰਮ ਨਹੀਂ ਕੀਤਾ, ਪਰ ਮੈਨੂੰ ਨਿੱਜੀ ਤੌਰ ‘ਤੇ ਉਸ ਦੀ ਐਕਟਿੰਗ ਸਭ ਤੋਂ ਵਧੀਆ ਲਗਦੀ ਹੈ।
ਮੈਨੂੰ ਪਤਾ ਹੈ ਬਾਲੀਵੁੱਡ ‘ਚ ਤੁਹਾਨੂੰ ਰਣਬੀਰ ਕਪੂਰ ਜ਼ਿਆਦਾ ਪਸੰਦ ਹੈ ਪਰ ਪੰਜਾਬੀ ਫ਼ਿਲਮ ਇੰਡਸਟਰੀ ‘ਚੋਂ ਕੌਣ ਵਧੀਆ ਲਗਦਾ ਹੈ?
ਪਾਲੀਵੁੱਡ ‘ਚ ਜਿੰਮੀ ਸ਼ੇਰਗਿੱਲ ਤੇ ਦਿਲਜੀਤ ਮੇਰੇ ਪਸੰਦੀਦਾ ਹਨ। ਪਰ ਗਿੱਪੀ ਤੋਂ ਵੀ ਮੈਂ ਪ੍ਰਭਾਵਤ ਹਾਂ। ਉਸ ਦੀ ਐਕਟਿੰਗ ਵੀ ਕਮਾਲ ਦੀ ਹੈ।
ਆਪਣੀ ਅਲੋਚਕ ਕਿਸ ਨੂੰ ਮੰਨਦੇ ਹੋ?
ਮੈਂ ਆਪਣੇ ਆਪ ਦੀ ਸਭ ਤੋਂ ਵੱਡੀ ਅਲੋਚਕ ਹਾਂ। ਆਪਣੇ ਕੰਮ ਦੀ ਪੜਚੋਲ ਕਰਦੀ ਹਾਂ। ਫਿਰ ਉਸ ‘ਚ ਸੁਧਾਰ ਕਰਕੇ ਨਤੀਜਾ ਕੱਢਦੀ ਹਾਂ।
ਸਭ ਕਿਸਮਤ ਦੀਆਂ ਗੱਲਾਂ …
ਸੂਰਤ ਤੇ ਸੀਰਤ ਦਾ ਸੁਮੇਲ ਸੁਰਵੀਨ ਚਾਵਲਾ ਹੋਰਨਾਂ ਅਭਿਨੇਤਰੀਆਂ ਵਾਂਗ ਬਚਪਨ ਤੋਂ ਹੀ ਐਕਟਰ ਨਹੀਂ ਬਣਨਾ ਚਾਹੁੰਦੀ ਸੀ। ਇਹ ਤਾਂ ਉਸ ਦੀਆਂ ਕਿਸਮਤ ਦੀਆਂ ਲਕੀਰਾਂ ਉਸ ਨੂੰ ਇਸ ਪਾਸੇ ਲੈ ਆਈਆਂ। ਅਸਲ ਵਿੱਚ ਬਚਪਨ ‘ਚ ਸੁਰਵੀਨ ਨੂੰ ਵੀ ਨਹੀਂ ਪਤਾ ਸੀ ਕਿ ਉਹ ਬਣਨਾ ਕੀ ਚਾਹੁੰਦੀ ਹੈ? ਕਦੇ ਉਹ ਇੱਛਾ ਜ਼ਾਹਰ ਕਰਦੀ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ। ਕਦੇ ਉਸ ਦਾ ਦਿਲ ਇੰਜੀਨੀਅਰ ਬਣਨ ਨੂੰ ਕਰਦਾ ਤੇ ਕਦੇ ਉਸ ‘ਤੇ ਪਾਇਲਟ ਬਣਨ ਦਾ ਭੂਤ ਸਵਾਰ ਹੋ ਜਾਂਦਾ। ਸ਼ਾਇਦ ਸੁਰਵੀਨ ਨੇ ਵੀ ਕਦੇ ਇਹ ਨਹੀਂ ਸੋਚਿਆ ਕਿ ਉਹ ਕਰੋੜਾਂ ਲੋਕਾਂ ਦੀ ਪਸੰਦੀਦਾ ਐਕਟਰ ਬਣੇਗੀ। ਕੁਦਰਤ ਇਹੀ ਚਾਹੁੰਦੀ ਸੀ ਕਿ ਏਨੀ ਖ਼ੂਬਸੂਰਤ ਕੁੜੀ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ। ਅੱਜ ਉਹ ਸਭ ਦੇ ਸਾਹਮਣੇ ਹੈ। ਉਸ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਕੁਝ ਟੀਵੀ ਸੀਰੀਅਲਾਂ ਤੇ ਰਿਆਲਟੀ ਸ਼ੋਅਜ਼ ‘ਚ ਹਿੱਸਾ ਲੈਣ ਤੋਂ ਬਾਅਦ ਉਸ ਨੂੰ ਪਹਿਲਾ ਵੱਡਾ ਬ੍ਰੇਕ ਪੰਜਾਬੀ ਫ਼ਿਲਮ ਇੰਡਸਟਰੀ ‘ਚ ਮਿਲਿਆ। ਨਿਰਦੇਸ਼ਕ ਨਵਨੀਤ ਸਿੰਘ ਨੇ ਉਸ ਨੂੰ ਆਪਣੀ ਫ਼ਿਲਮ ‘ਧਰਤੀ’ (2011) ਜ਼ਰੀਏ ਵੱਡੇ ਪਰਦੇ ‘ਤੇ ਲਿਆਂਦਾ। ਇਸ ਫ਼ਿਲਮ ਤੋਂ ਬਾਅਦ ਉਸ ਦਾ ਐਸਾ ਜਾਦੂ ਚੱਲਿਆ ਕਿ ਅੱਜ ਉਸ ਦਾ ਵਕਤ ‘ਕੀਮਤੀ’ ਹੋ ਗਿਆ ਹੈ। ਉਸ ਦੀਆਂ ਪੰਜਾਬੀ ਫ਼ਿਲਮਾਂ ‘ਟੌਹਰ ਮਿੱਤਰਾਂ ਦੀ’, ‘ਸਾਡੀ ਲਵ ਸਟੋਰੀ’, ਤੇ ‘ਲੱਕੀ ਦੀ ਅਨਲੱਕੀ ਸਟੋਰੀ’, ਉਸ ਦੀ ਕਾਬਲੀਅਤ ਦੀ ਮਿਸਾਲ ਹਨ।
ਅਗਲੇ ਦਿਨਾਂ ‘ਚ ਸੁਰਵੀਨ ਤੇ ਦਿਲਜੀਤ ਦੋਸਾਂਝ ਦੀ ਨਵੀਂ ਮੂਵੀ ਵੀ ਆ ਰਹੀ ਹੈ “ਡਿਸਕੋ ਸਿੰਘ”,ਜਿਸਨੂੰ ਲੈ ਕੇ ਬਹੁਤ ਜਿਆਦਾ excited ਹੈ.
ਸਪਨ ਮਨਚੰਦਾ
COMMENTS