ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ : ਮੰਜੇ ਬਿਸਤਰੇ ਬਲਜੀਤ ਦਿਓ 'ਅਰਬਨ ਸਟਾਇਲ' ਫ਼ਿਲਮਾਂ ਬਣਾਉਣ ਵਾਲਾ ਫਿਲਮਕਾਰ ਹੈ.ਜਦੋਂ 'ਫਰਾਰ' ਮੂਵੀ ਆਈ ਸੀ ਅਸੀਂ ਉਦੋਂ ਵੀ ਲਿਖਿਆ ਸੀ
ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ : ਮੰਜੇ ਬਿਸਤਰੇ
ਬਲਜੀਤ ਦਿਓ ‘ਅਰਬਨ ਸਟਾਇਲ’ ਫ਼ਿਲਮਾਂ ਬਣਾਉਣ ਵਾਲਾ ਫਿਲਮਕਾਰ ਹੈ.ਜਦੋਂ ‘ਫਰਾਰ’ ਮੂਵੀ ਆਈ ਸੀ ਅਸੀਂ ਉਦੋਂ ਵੀ ਲਿਖਿਆ ਸੀ ਕਿ ਬਲਜੀਤ ਦਿਓ ਇਕ ਅਜਿਹਾ ਫ਼ਿਲਮਕਾਰ ਹੈ ਜੋ ਨਤੀਜੇ ਦੀ ਪ੍ਰਵਾਹ ਕੀਤੇ ਬਗੈਰ ਹਰ ਵਾਰੀ ਕੁਝ ਨਾਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ…….ਉਹ ਲਕੀਰ ਦਾ ਫਕੀਰ ਨਹੀਂ…..ਉਸ ਞਿੱਚ ਵਹਾਓ ਤੋਂ ਉਲਟ ਚੱਲਣ ਦਾ ਜਿਗਰਾ ਹੈ……ਢੇਰੀ ਢਾਂਹੁਣਾਂ ਉਸਨੇ ਸਿਖਆ ਹੀ ਨਹੀਂ…..ਉਸਦੇ ਨਿਰਦੇਸ਼ਨ ‘ਚ ਆਈ ਪਹਿਲੀ ਪੰਜਾਬੀ ਫਿਲਮ ਹਰਭਜਨ ਮਾਨ ਦੀ ‘ਜੱਗ ਜਿਓਂਦਿਆਂ ਦੇ ਮੇਲੇ ਸੀ -ਲੀਕ ਤੋਂ ਹਟ ਕੇ ਬਣੀ ਇਹ ਫਿਲਮ ਬੁਰੀ ਤਰਾਂ ਫਲੌਪ ਸਾਬਿਤ ਹੋਈ ਸੀ , ਫਿਰ ਆਈ ‘ਮਿਰਜ਼ਾ’ ( ਗਿੱਪੀ ਗਰੇਵਾਲ) ਇਹ ਫਿਲਮ ਵੀ ਭਾਵੇਂ ਭਾਵੇਂ ਲੋਕਾਂ ਨੂੰ ਪਸੰਦ ਨਹੀਂ ਸੀ ਆਈ ਪਰ ਤਕਨੀਕ ਤੇ ਵਿਸ਼ੇ ਪੱਖੌਂ ਉਹ ਪੰਜਾਬੀ ਸਿਨਮੇ ਦੀ ਇੱਕ ਨਵੀਂ ਪ੍ਰਾਪਤੀ ਸੀ-ਇਹ ਮੇਰਾ ਮੰਨਣਾਂ ਹੈ……ਜਿ਼ੱਮੀ ਸ਼ੇਰ ਗਿੱਲ ਨੂੰ ਲੈ ਕੇ ਬਣਾਈ ਉਸਦੀ ਅਗਲੀ ਪੰਜਾਬੀ ਫਿਲਮ ‘ਹੀਰੋ’ ਵੀ ਇੱਕ ਬੇਹਤਰੀਨ ਫਿਲਮ ਸੀ…ਪਰ ਪੰਜਾਬੀ ਲੋਕਾਂ ਤੇ ਆਲੋਚਕਾਂ ਦੇ ਇਹ ਫਿਲਮ ਵੀ ਸਿਰ ਉੱਪਰੋਂ ਹੀ ਲੰਘ ਗਈ…..ਇਹੀ ਹਾਲ “ਫਰਾਰ” ਦਾ ਹੋਇਆ.
ਪੰਜਾਬੀ ਸਿਨਮਾਂ ਪ੍ਰੇਮੀਆਂ ਦੇ ਸੁਹਜ-ਸੁਆਦ ਨੂੰ ਬਲਜੀਤ ਸਿੰਘ ਦਿਓ ਵਰਗੇ ਫ਼ਿਲਮਕਾਰ ਹੌਲੀ ਹੌਲੀ ਬਦਲ ਰਹੇ ਹਨ,ਇਸ ਗੱਲ ਦੀ ਸਾਨੂੰ ਖੁਸ਼ੀ ਹੈ………ਇਸ ਸ਼ੁਕੱਰਵਾਰ ਦਿਓ ਸਾਹਿਬ ਦੇ ਨਿਰਦੇਸ਼ਨ ‘ਚ ਇੱਕ ਹੋਰ ਪੰਜਾਬੀ ਫਿਲਮ ‘ਮੰਜੇ ਬਿਸਤਰੇ ‘ ਰੀਲਿਜ਼ ਹੋਈ ਹੈ….ਫਿਲਮ ਦਾ ਹੀਰੋ ਗਿੱਪੀ ਗਰੇਵਾਲ ਹੈ……ਫਿਲਮ ਤੇ ਪੈਸਾ ਵੀ ਗਿੱਪੀ ਹੁਣਾਂ ਦਾ ਆਪਣਾ ਲੱਗਿਆ ਹੋਇਆ ਹੈ…..ਮਿਰਜਾ, ਹੀਰੋ ਤੇ ਫਰਾਰ ਤੋਂ ਬਾਅਦ ਸਾਡੇ ਪੰਜਾਬੀ ਫਿਲਮ ਆਲੋਚਕਾਂ ਨੇ ਬਲਜੀਤ ਦਿਓ ਦਾ ਤਾਂ ਇੱਕ ਤਰਾਂ ਵਰਕਾ ਹੀ ਪਾੜ ਦਿੱਤਾ ਸੀ….ਪਰ ਸਦਕੇ ਗਿੱਪੀ ਗਰੇਵਾਲ ਦੇ ਜਿਸਨੇ ਦਿਓ ਸਾਹਿਬ ਦੀ ਕਾਬਲੀਅਤ ਤੇ ਆਪਣਾ ਭਰੋਸਾ ਡਗਮਗਾਉਣ ਨਹੀਂ ਦਿੱਤਾ ਤੇ ਆਪਣੇ ਸਭ ਤੋਂ ਸੁਪਨਈ ਪ੍ਰੋਜੈਕਟ ਦੀ ਵਾਗ-ਡੋਰ ਇੱਕ ਵਾਰ ਫਿਰ ਬਲਜੀਤ ਦਿਓ ਦੇ ਹੱਥ ਫੜਾ ਦਿੱਤੀ……ਤੇ ਬਲਜੀਤ ਦਿਓ ਨੇ ਇੱਕ ਵਾਰੀ ਫਿਰ ਰਵਾਇਤ ਤੋਂ ਹਟ ਕੇ ਇੱਕ ਸ਼ਾਨਦਾਰ ਪੰਜਾਬੀ ਫਿਲਮ ਲੈ ਕੇ ਆਂਦੀ ਹੈ……
ਬਲਜੀਤ ਦਿਓ ‘ਅਰਬਨ’ ਫ਼ਿਲਮਾਂ ਬਣਾਉਣ ਲਈ ਜਣਿਆਂ ਜਾਂਦਾ ਹੈ ਪਰ ਇਸ ਵਾਰੀ ਉਸਨੇ ਬਿਲਕੁਲ ਠੇਠ ਪੇਂਡੂ ਪੰਜਾਬੀ ਫਿਲਮ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ.ਸ਼ਾਇਦ ਉਸਨੂੰ ਹੁਣ ਸਮਝ ਆ ਗਈ ਹੈ ਕਿ ਹਾਸੇ ਠੱਠੇ ਸੁਭਾਅ ਵਾਲੇ ਪੰਜਾਬੀਆਂ ਦਾ ‘ਟੇਸਟ’ ਬਦਲਣ ਨੂੰ ਅਜੇ ਵਕਤ ਲੱਗੇਗਾ.
ਇਸ ਫਿਲਮ ਦੀ ਕਹਾਣੀ ਵੀ ਗਿੱਪੀ ਨੇ ਲਿਖੀ ਹੈ ਤੇ ਸਕਰੀਨ ਪਲੇ ਵੀ.ਜੇ ਦੇਖਿਆ ਜਾਵੇ ਤਾਂ ਫਿਲਮ ਦੀ ਕਹਾਣੀ ਕੋਈ ਹੈ ਹੀ ਨਹੀਂ.ਫਿਲਮ ਇੱਕ ਠੇਠ ਪੇਂਡੂ ਵਿਆਹ ਤੇ ਅਧਾਰਿਤ ਹੈ….ਵਿਆਹ ‘ਚ ਰਿਸ਼ਤੇਦਾਰ,ਨੌਕਰ ਹਲਵਾਈ ਤੇ ਹੋਰ ਘਰਦੇ ਕੀ ਕੀ ਗੁਲ ਖਿਲਾਉਂਦੇ ਹਨ ਇਸਨੂੰ ਬਹੁਤ ਹੀ ਵਿਅੰਗਮਈ ਢੰਗ ਨਾਲ ਫਿਲਮਾਇਆ ਗਿਆ ਹੈ.ਫਿਲਮ ਦਾ ਸਕਰੀਨ ਪਲੇ ਬਹੁਤ ਜ਼ੋਰਦਾਰ ਹੈ.ਸੀਨ ਦਰ ਸੀਨ ਨੂੰ ਧਾਗੇ ‘ਚ ਮੋਤੀਆਂ ਵਾਂਗ ਪਰੋਇਆ ਹੋਇਆ ਹੈ.
ਕਰਮਜੀਤ ਅਨਮੋਲ ਦਾ ਸਾਧੂ ਹਲਵਾਈ ਦਾ ਰੋਲ ਫਿਲਮ ਦੀ ਜਿੰਦ ਜਾਨ ਹੈ,ਰਾਣਾ ਰਣਬੀਰ ਨੇ ਉਸ ਲਈ ਜੋ ਡਾਇਲਾਗ ਲਿਖੇ ਹਨ ਉਹ ਹਸਾ ਹਸਾ ਤੁਹਾਡੀਆਂ ਵੱਖੀਆਂ ਦੂਹਰੀਆਂ ਕਰ ਦਿੰਦੇ ਹਨ.ਸਾਧੂ ਹਲਵਾਈ ਦਾ ਪਾਤਰ ਇੰਨਾਂ ਜ਼ਬਰਦਸਤ ਹੈ ਜੋ ਸਾਲਾਂ ਤੀਕਰ ਯਾਦ ਰਹੇਗਾ.ਆਉਣ ਵਾਲੇ ਲੰਬੇ ਸਮੇਂ ਤੱਕ ਸਾਧੂ ਹਲਵਾਈ ਦੀਆਂ ਗੱਲਾਂ ਪੰਜਾਬੀ ਮਹਿਫਲਾਂ ‘ਚ ਸੁਣਨ ਨੂੰ ਮਿਲਿਆ ਕਰਨਗੀਆਂ.ਬਹੁਤ ਘੱਟ ਫ਼ਿਲਮਾਂ ਹੁੰਦੀਆਂ ਹਨ ਜਿਹਨਾਂ ‘ਚ ਹੀਰੋ ਦੀ ਬਜਾਏ ਕੋਈ ਹੋਰ ਪਾਤਰ ਮੇਲਾ ਲੁੱਟ ਕੇ ਲੈ ਜਾਂਦਾ ਹੈ.ਇੱਥੇ ਗਿੱਪੀ ਗਰੇਵਾਲ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਸਨੇ ਕਿਸੇ ਵੀ ਸੀਨ ‘ਚ ਜ਼ਬਰਦਸਤੀ ਘੁੱਸਪੈਠ ਕਰਨ ਦੀ ਕੋਸ਼ਿਸ਼ ਨੀਂ ਕੀਤੀ.ਹਰ ਪਾਤਰ ਨੂੰ ਉਭਰਨ ਦਾ ਪੂਰਾ ਮੌਕਾ ਦਿੱਤਾ ਹੈ,ਚਾਹੇ ਉਹ ਜੀਜੇ ਦਾ ਕਿਰਦਾਰ ਹੋਵੇ ਜਾਂ ਫੁਫੜ ਦਾ.
ਰਾਣਾ ਰਣਬੀਰ ਦਾ ਕਿਰਦਾਰ ਫਿਲਮ ਦੇ ਕੱਦ ਮੁਤਾਬਿਕ ਨਹੀਂ ਲੱਗਾ,ਰਾਣਾ ਰਣਬੀਰ ਦੀ ਆਪਣੀ ਘਰ ਵਾਲੀ ਨਾਲ ਨੋਕ ਝੋਕ ਜ਼ਬਰਦਸਤੀ ਠੋਸੀ ਹੋਈ ਮਹਿਸੂਸ ਹੋਈ.
ਸੋਨਮ ਬਾਜਵਾ ਨੇ ਇੱਕ ਸਾਦ ਮੁਰਾਦੀ ਕੁੜੀ ਦਾ ਰੋਲ ਬਾਖੂਬੀ ਨਿਭਾਇਆ ਹੈ ਤੇ ਗਿੱਪੀ ਨਾਲ ਖੂਬ ਜਚੀ ਹੈ.
ਰਹੀ ਗੱਲ ਗਿੱਪੀ ਦੀ ਉਸਨੇ ਇੱਕ ਵਾਰੀ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਲੰਬੀ ਰੇਸ ਦਾ ਘੋੜਾ ਹੈ….ਹਰ ਫਿਲਮ ਨਾਲ ਉਸਦੀ ਅਦਾਕਾਰੀ ‘ਚ ਹੋਰ ਨਿਖਾਰ ਆਇਆ ਹੈ……ਪੰਜਾਬੀ ਸਿਨਮੇਂ ਨੂੰ ਪੱਕੇ ਪੈਰੀਂ ਕਰਨ ‘ਚ ਉਸਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ.ਪੰਜਾਬੀ ਸਿਨਮੇਂ ਦੀ ਚੜਦੀ ਕਲਾ ਲਈ ਉਹ ਜਿੰਨੀ ਮਿਹਨਤ ਕਰ ਰਿਹਾ ਹੈ ਉਸਦੀ ਜਿੰਨੀਂ ਸ਼ਲਾਘਾ ਕੀਤੀ ਜਾਵੇ ਘੱਟ ਹੈ.
ਮੰਜੇ ਬਿਸਤਰੇ ‘ਚ ਸੁੱਖੀ ਦੇ ਰੋਲ ਵਿਚ ਗਿੱਪੀ ਨੇ ਬਹੁਤ ਹੀ ਦੱਮਦਾਰ ਭੂਮਿਕਾ ਅਦਾ ਕੀਤੀ ਹੈ….ਸਾਧੂ ਹਲਵਾਈ ਤੇ ਜੀਜੇ ਨਾਲ ਉਸਦੀ ਕੁਰੱਖਤ ਭਾਸ਼ਾ ‘ਚ ਛੇੜ ਛਾੜ ਕਮਾਲ ਦੀ ਹੈ.
ਵਿਆਹ ‘ਚ ਹਲਵਾਈ ਦੀ ਭੱਠੀ ਦੁਆਲੇ ਹੁੰਦੀ ਵਾਰਤਾਲਾਪ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਲੀਆਂ ਚੋਭਾਂ ਦੇਖਣ ਤੇ ਮਾਨਣ ਯੋਗ ਹਨ.ਜਿਹਨਾਂ ਲੋਕਾਂ ਨੇ ੮੦-੯੦ ਦੇ ਦਹਾਕੇ ਵਾਲੇ ਵਿਆਹ ਦੇਖੇ ਹਨ ਉਹਨਾਂ ਨੂੰ ਮੰਜੇ ਬਿਸਤਰੇ ਵਾਕਿਆ ਹੀ ਉਸ ਵੇਲੇ ਦੇ ਕਿਸੇ ਵਿਆਹ ਦੀ ਵੀਡੀਓ ਕਾਪੀ ਲੱਗੇਗੀ.
ਜਿਸ ਤਰਾਂ ਸ਼ੋਅਲੇ ਫਿਲਮ ਦਾ ਹਰ ਪਾਤਰ ਹੁਣ ਤੱਕ ਲੋਕਾਂ ਨੂੰ ਯਾਦ ਹੈ ਇਸੇ ਤਰਾਂ ‘ਮੰਜੇ ਬਿਸਤਰੇ’ ‘ਚ ਛੋਟੇ ਤੋਂ ਛੋਟਾ ਕਿਰਦਾਰ ਵੀ ਚਿਰਾਂ ਤੱਕ ਚੇਤਿਆਂ ‘ਚੋਂ ਨਹੀਂ ਵਿਸਰੇਗਾ.
ਫਿਲਮ ਦਾ ਬੈਕਗਰਾਉਂਡ ਮਿਊਜ਼ਿਕ ਫਿਲਮ ਦੇ ਵਿਸ਼ਾ ਵਸਤੂ ਮੁਤਾਬਿਕ ਬਹੁਰ ਢੁੱਕਵਾਂ ਹੈ.
ਰਹੀ ਗੱਲ ਗੀਤ ਸੰਗੀਤ ਦੀ ਸਾਰੇ ਗਾਣੇ ਵਧੀਆ ਹਨ ਪਰ ਕਿਤੇ ਕਿਤੇ ਫਿਲਮ ਦੀ ਚਾਲ ‘ਚ ਅੜਿੱਕਾ ਬਣਦੇ ਨਜ਼ਰ ਆਉਂਦੇ ਹਨ.
ਇੱਕ ਗੱਲ ਹੋਰ ਵਿਆਹ ‘ਚ ਜੇ ਪੁਰਾਣੇ ਰੀਤੀ ਰਿਵਾਜ਼ਾਂ ਦਾ ਫਿਲਮਾਂਕਣ ਥੋੜਾ ਜਿਹਾ ਹੋਰ ਜਿਆਦਾ ਹੋ ਜਾਂਦਾ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਣੀ ਸੀ.
ਖੈਰ ! ਇੱਕ ਦੁੱਕਾ ਨਿਘੋਚਾਂ ਨੂੰ ਛੱਡ ਕੇ ‘ਮੰਜੇ ਬਿਸਤਰੇ’ ਪੰਜਾਬੀ ਸਿਨਮੇਂ ਦੀ ਇੱਕ ਮਾਣਯੋਗ ਪ੍ਰਾਪਤੀ ਹੈ.ਫਿਲਮ ਨੇ ਬੌਕਸ ਔਫਿਸ ਤੇ ਜਿਸ ਤਰਾਂ ਤਰਥੱਲੀ ਮਚਾਈ ਹੋਈ ਹੈ ਉਸਨੂੰ ਦੇਖਦੇ ਹੋਏ ਲਗਦਾ ਹੈ ਕਿ ਪੰਜਾਬੀ ਦਰਸ਼ਕ ਕਾਫੀ ਸਿਆਣੇ ਹੋ ਗਏ ਹਨ…..ਖਰੇ ਖੋਟੇ ਨੂੰ ਟੁਣਕਾ ਕੇ ਪਰਖਣ ਦਾ ਵੱਲ ਉਹਨਾਂ ਨੂੰ ਆ ਗਿਆ ਹੈ…..
ਮੰਜੇ ਬਿਸਤਰੇ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ……ਤੁਸੀਂ ਜੇ ਅਜੇ ਤੱਕ ਨਹੀਂ ਦੇਖੀ ਤਾਂ ਆਪਣੇ ਮੰਜੇ ਬਿਸਤਰੇ ‘ਚੋਂ ਨਿੱਕਲੋ ਤੇ ਲਾਗਲੇ ਸਿਨਮੇ ‘ਚ ਇਹ ਫਿਲਮ ਜ਼ਰੂਰ ਦੇਖ ਕੇ ਆਵੋ-ਨਹੀਂ ਤਾਂ ਪੰਜਾਬੀ ਸਿਨਮੇਂ ਦੇ ਇਤਿਹਾਸ ਦੀ ਇੱਕ ਸ਼ਾਨਦਾਰ ਸਭਿਆਚਾਰਕ ਝਲਕ ਤੋਂ ਵਾਂਝੇ ਰਹਿ ਜਾਵੋਗੇ.
satvir@shaw.ca
COMMENTS