HomeReviews

Main Teri Tu Mera | Review I Roshan Prince | Mankirt Aulakh

ਰੋਸ਼ਨ ਪ੍ਰਿੰਸ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਅਦਾਕਾਰੀ : ਮੈਂ ਤੇਰੀ ਤੂ ਮੇਰਾ ਪੂਰੇ ਸਵਾ ਦੋ ਸਾਲਾਂ ਬਾਅਦ ਕੱਲ ਰੋਸ਼ਨ ਪ੍ਰਿੰਸ ਦੀ ਪੰਜਾਬੀ ਮੂਵੀ 'ਮੈਂ ਤੇਰੀ ਤੂ ਮੇਰਾ' ਰੀਲੀਜ਼ ਹੋਈ ਹ

Movie Review | Harjeeta
Review / Chall Mera Putt 3
Movie Review | Lahoriye

ਰੋਸ਼ਨ ਪ੍ਰਿੰਸ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਅਦਾਕਾਰੀ : ਮੈਂ ਤੇਰੀ ਤੂ ਮੇਰਾ

screen-shot-2016-08-20-at-7-18-12-pm

ਪੂਰੇ ਸਵਾ ਦੋ ਸਾਲਾਂ ਬਾਅਦ ਕੱਲ ਰੋਸ਼ਨ ਪ੍ਰਿੰਸ ਦੀ ਪੰਜਾਬੀ ਮੂਵੀ ‘ਮੈਂ ਤੇਰੀ ਤੂ ਮੇਰਾ’ ਰੀਲੀਜ਼ ਹੋਈ ਹੈ.ਫਿਲਮ ‘ਚ ਉਸ ਨਾਲ ‘ਗੱਲਾਂ ਮਿਠੀਆਂ’ ਵਾਲਾ ਮਨਕਿਰਤ ਔਲਖ ਵੀ ਹੈ.ਫਿਲਮ ਦੀ ਕਹਾਣੀ ਤੇ ਸੰਵਾਦ ‘ਪਾਲੀ ਭੁਪਿੰਦਰ’ ਨੇ ਲਿਖੇ ਹਨ.ਫਿਲਮ ਨੂੰ ਅਮਰਿੰਦਰ ਗਿੱਲ ਦੇ ਭਰਾਵਾਂ ਦੀ ਕੰਪਨੀ ‘ਰਿਦਮ ਬੋਇਜ਼’ ਨੇ ਪੂਰੀ ਦੁਨੀਆਂ ‘ਚ ਬੜੇ ਧੂਮ ਧਾਮ ਨਾਲ ਰੀਲੀਜ ਕੀਤਾ ਹੈ.
ਰੋਸ਼ਨ ਪ੍ਰਿੰਸ ਨੇ ਨਾਂ ਸਿਰਫ ਇਸ ਫਿਲਮ ‘ਚ ਅਦਾਕਾਰੀ ਕੀਤੀ ਹੈ ਬਲਕਿ ਪੈਸੇ ਵੀ ਕੋਲੋਂ ਲਾਏ ਹਨ.ਰੋਸ਼ਨ ਦੇ ਕਹਿਣ ਮੁਤਾਬਿਕ ਉਸ ਕੋਲ ਜੋ ਵੀ ਸੀ ਇਸ ਫਿਲਮ ‘ਤੇ ਲਾ ਦਿੱਤਾ ਹੈ….. ਇੱਥੇ ਰੋਸ਼ਨ ਪੈਸੇ ਦੇ ਨਾਲ ਨਾਲ ਆਪਣੀ ਕਲਾ ਦੀ ਵੀ ਗੱਲ ਕਰ ਰਿਹਾ ਹੈ.ਫਿਲਮ ਦੀ ਰਿਪੋਰਟ ਵਧੀਆ ਆ ਰਹੀ ਹੈ..ਜਿਸਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਫਿਲਮ ਆਪਣੀ ਲਾਗਤ ਆਸਾਨੀ ਨਾਲ ਪੂਰੀ ਕਰ ਲਵੇਗੀ…ਤੇ ਰੋਸ਼ਨ ਪ੍ਰਿੰਸ ਨੂੰ ਚਾਰ ਛਿੱਲੜ ਛੱਡ ਕੇ ਵੀ ਜਾ ਸਕਦੀ ਹੈ.
ਰੋਸ਼ਨ ਪ੍ਰਿੰਸ ਇੱਕ ਅਜਿਹਾ ਕਲਾਕਾਰ ਹੈ ਜਿਸਨੂੰ ਉਸਦਾ ਬਣਦਾ ਹੱਕ ਨਾਂ ਤਾਂ ਫਿਲਮ ਇੰਡਸਟਰੀ ‘ਚ ਮਿਲਿਆ ਹੈ ਤੇ ਨਾਂ ਹੀ ਮਿਊਜ਼ਿਕ ਇੰਡਸਟਰੀ ‘ਚ.ਬੇ ਸੁਰੇ ਗਾਉਣ ਵਾਲਿਆਂ ਦੀ ਭੀੜ ‘ਚ ਵੀ ਉਸਨੇ ਸੁਰੀਲੇ ਪਨ ਦਾ ਸ਼ਮਲਾ ਕਦੀ ਨੀਵਾਂ ਨਹੀਂ ਹੋਣ ਦਿੱਤਾ…ਅਦਾਕਾਰੀ ‘ਚ ਵੀ ਉਹ ਚੰਗੇ ਚੰਗਿਆਂ ਦੀਆਂ ਗੋਡਣੀਆਂ ਲੁਆਉਣ ਦੇ ਕਾਬਿਲ ਹੈ.
ਰੋਸ਼ਨ ਪ੍ਰਿੰਸ ਹੈ ਬੜਾ ਸਿਰੜੀ ਤੇ ਸਰਲ ਸੁਭਾ ਵਾਲਾ ਬੰਦਾ ਹੈ ਹੇਰ- ਫੇਰ ਉਸਨੂੰ ਆਉਂਦਾ ਈ ਨਹੀਂ.ਉਹ ਕਿੰਨਾਂ ਸਿੱਧਾ-ਸਾਦਾ ਬੰਦਾ ਹੈ, ਇਸਦੀ ਤਾਜ਼ਾ ਮਿਸਾਲ ਅਜੇ ਕੱਲ ਦੀ ਹੈ….ਟਵਿੱਟਰ ਅਕਾਊਂਟ ‘ਤੇ ਜਦੋਂ ਅਸੀਂ ਖਬਰ ਲਾਈ ਕਿ ਉਸਦੀ ਫਿਲਮ ਦੇ ਐਡਮਿੰਟਨ ਵਾਲੇ ਸਾਰੇ ਸ਼ੋਜ਼ ਪਹਿਲੇ ਦਿਨ ਸੋਲਡ ਆਊਟ ਹੋ ਗਏ ਹਨ ਤਾਂ ਉਸਦਾ ਉਸੇ ਵੇਲੇ ਫੋਨ ਆ ਗਿਆ ਕਿ ‘ਭਾਜੀ ਖਬਰ ਠੀਕ ਹੈ ਜਾਂ ਉੱਦਾਂ ਈ ਲਾ ਤੀ ?’
‘ਭਾਜੀ ਬਾਕੀ ਵੀ ਲਾਉਂਦੇ ਈ ਆ..ਇਹਦੇ ‘ਚ ਕਿਹੜੀ ਗੱਲ ਆ” ਮੈਂ ਮਜ਼ਾਕ ਕੀਤਾ.
ਨਹੀਂ ਭਾਜੀ ਮੈਂ ਉਹਨਾਂ ‘ਚੋਂ ਨਹੀਂ …ਜੇ ਖਬਰ ਸੱਚੀ ਆ ਤਾ ਲਾਇਓ ਤੇ ਮੈਨੂੰ ਸਕਰੀਨ ਸ਼ਾਟ ਭੇਜਿਓ ਨਹੀਂ ਤਾਂ ਬਿਲਕੁਲ ਨੀ….ਇੱਕ ਗੱਲ ਹੋਰ ਫਿਲਮ ਬਾਰੇ ਵੀ, ਜੇ ਚੰਗੀ ਲੱਗੇ ਤਾਂ ਚੰਗਾ ਜੇ ਮਾੜੀ ਲੱਗੀ ਤਾ ਮਾੜਾ …ਕੋਈ ਲਗ-ਪਲੇਟ ਨਾ ਰੱਖਿਓ…”
ਮੈਂ ਹੈਰਾਨ ਹੋ ਗਿਆ …ਕਿੱਥੇ ਉਹ ਲੋਕ ਜੋ ਰੀਵਿਊ ਲਿਖਣ ਲਈ ਵੀ ਪੈਸਿਆਂ ਦੀ ਪੇਸ਼ਕਸ਼ ਕਰਦੇ ਹਨ ਤੇ ਕਿੱਥੇ ਰੋਸ਼ਨ ਪ੍ਰਿੰਸ ਜੋ ਸਾਰਾ ਕੁਝ ਲਾ ਕੇ ਵੀ ਹੱਕ ਸੱਚ ਦੀ ਗੱਲ ਕਰ ਰਿਹਾ ਹੈ.
ਮੇਰੇ ਮਜ਼ਾਕ ਨੂੰ ਸ਼ਾਇਦ ਉਹ ਸੀਰਸਲੀ ਲੈ ਗਿਆ ਤੇ ਕੁਝ ਪਲਾਂ ਬਾਅਦ ਹੀ ਫੇਸ ਬੁੱਕ ਤੋਂ ਐਡਮਿੰਟਨ ਵਾਲਾ ਸਕਰੀਨ ਸ਼ੌਟ ਹਟਾ ਦਿੱਤਾ….ਦਰਅਸਲ ਐਡਮਿੰਟਨ ‘ਚ ਲੱਗੇ ਭੰਗੜੇ-ਗਿੱਧੇ ਦੇ ਕੈਂਪਾਂ ਨੇ ‘ਮੈਂ ਤੇਰੀ ਤੂ ਮੇਰਾ’ ਦੇ ਸ਼ੁੱਕਰਵਾਰ ਵਾਲੇ ਸਾਰੇ ਸ਼ੋਜ਼ ਸੋਲਡ ਆਊਟ ਕਰ ਦਿੱਤੇ ਸਨ…ਤੇ ਇਸ ‘ਚ ਕੁਝ ਵੀ ਝੂਠ ਨਹੀਂ ਸੀ.
ਫਿਲਮ ਦੋ ਘੰਟੇ 14 ਮਿੰਟ ਦੀ ਹੈ….ਥੋੜੀ ਜਿਹੀ ਲੰਬੀ ਹੈ…..10 ਮਿੰਟ ਦੀ ਲੰਬਾਈ ਕੱਟ ਕੇ ਫਿਲਮ ਥੋੜੀ ਹੋਰ ਕੜਕ ਹੋ ਸਕਦੀ ਸੀ.
ਫਿਲਮ ਦੀ ਕਹਾਣੀ ਪੁਰਾਣੇ ਪੰਜਾਬ ਦੀ ਗੱਲ ਕਰਦੀ ਹੈ….ਆਰਟ ਫ਼ਿਲਮਾਂ ‘ਚੋਂ ਨਿੱਕਲ ਕੇ ਪਾਲੀ ਭੁਪਿੰਦਰ ਨੇ ਪਹਿਲੀ ਵਾਰ ਕਿਸੇ ਕਮਰਸ਼ੀਅਲ ਫਿਲਮ ਦੀ ਕਹਾਣੀ ਤੇ ਸਕਰੀਨ ਪਲੇ ਸੰਵਾਦ ਲਿਖੇ ਹਨ….ਪਾਲੀ ਕਾਫੀ ਦੇਰ ਤੋਂ ਪੰਜਾਬੀ ਥਿਏਟਰ ਨਾਲ ਜੁੜਿਆ ਹੋਇਆ ਹੈ…ਉਸਦੇ ਥਿਏਟਰ ਦਾ ਪਰਛਾਵਾਂ ਇਸ ਫਿਲਮ ‘ਚ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ……. Ksshitij Chaudhary ਫਿਲਮ ਦਾ ਨਿਰਦੇਸ਼ਕ ਹੈ……ਉਸਦੀ ਤਾਰੀਫ ਕਰਨੀ ਬਣਦੀ ਹੈ ਕਿ ਉਸਨੇ ਇੱਕ ਆਮ ਕਹਾਣੀ ਨੂੰ ਖਾਸ ਬਣਾ ਦਿੱਤਾ…..ਰੋਸ਼ਨ ਪ੍ਰਿੰਸ ਨੇ ਫਿਲਮ ‘ਚ ਇੱਕ ਸਿੱਧਰੇ ਬੰਦੇ ਅਮਰੂ ਦੀ ਭੂਮਿਕਾ ਅਦਾ ਕੀਤੀ ਹੈ……ਰੌਸ਼ਨ ਪ੍ਰਿੰਸ ਨੂੰ ਜਿਸ ਤਰੀਕੇ ਨਾਲ ਅਮਰੂ ਬਣਾਇਆ ਹੈ ਉਸ ਲਈ  Ksshitij Chaudhary ਵਾਕਿਆ ਹੀ ਵਧਾਈ ਦਾ ਹੱਕਦਾਰ ਹੈ…..
ਇੱਥੇ ਅਸੀਂ ਫਿਲਮ ਦੀ ਕਹਾਣੀ ਦੱਸ ਕੇ ਤੁਹਾਡਾ ਸੁਆਦ ਕਿਰਕਿਰਾ ਨਹੀਂ ਕਰਨਾ ਚਾਉਂਦੇ ਪਰ ਇੰਨਾਂ ਜਰੂਰ ਕਹਾਂਗੇ ਕਿ ਇਹ ਫਿਲਮ ਤੁਹਾਨੂੰ ਤੁਹਾਡੇ ਸੁਪਨਿਆਂ ਦੇ ਪੇਂਡੂ ਪੰਜਾਬ ਦੀ ਸੈਰ ਜਰੂਰ ਕਰਵਾਏਗੀ.ਇੱਕ ਰੋਮਾਂਟਿਕ ਕਹਾਣੀ ਨੂੰ ਠੇਠ ਪੇਂਡੂ ਅੰਦਾਜ਼ ‘ਚ ਪਰਦੇ ਤੇ ਪੇਸ਼ ਕੀਤਾ ਗਿਆ ਹੈ.
ਫਿਲਮ ਵਿੱਚ ਰੋਸ਼ਨ ਪ੍ਰਿੰਸ ਨੇ ਬਾ-ਕਮਾਲ ਅਦਾਕਾਰੀ ਕੀਤੀ ਹੈ.ਅਮਰੂ ਦੇ ਰੋਲ ‘ਚ ਜਦੋਂ ਵੀ  ਉਹ ਸਕਰੀਨ ‘ਤੇ ਆਉਂਦਾ ਹੈ ਤੁਹਾਡਾ ਦਿਲ ਜਿੱਤ ਲੈਂਦਾ ਹੈ.ਰੋਸ਼ਨ ਨੇ ਇੱਕ ਵਾਰੀ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰਾਂ ਦਾ ਰੋਲ ਕਿੰਨੀਂ ਸਹਿਜਤਾ ਨਾਲ ਕਰ ਸਕਦਾ ਹੈ.ਉਸਦੀਆਂ ਭੋਲੀਆਂ ਭਾਲੀਆਂ ਹਰਕਤਾਂ ਫਿਲਮ ਖਤਮ ਹੋਣ ਤੋਂ ਬਾਅਦ ਵੀ ਤੁਹਾਡੇ ਚੇਤਿਆਂ ‘ਚ ਕੁਤਕੁਤਾਰੀਆਂ ਕੱਢਦੀਆਂ ਹਨ….ਮੇਰੇ ਖਿਆਲ ਮੁਤਾਬਿਕ ਅਮਰੂ ਦੇ ਰੋਲ ‘ਚ ਰੋਸ਼ਨ ਪ੍ਰਿੰਸ ਦੀ ਇਹ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਅਦਾਕਾਰੀ ਹੈ.
ਮਨਕਿਰਤ ਔਲਖ ਦੀ ਇਹ ਪਹਿਲੀ ਫਿਲਮ ਹੈ…..ਇਹ ਸੁਨੱਖਾ ਪੰਜਾਬੀ ਗਭਰੂ ਇੱਕ ਸੰਭਾਵਨਾਂਪੂਰ ਕਲਾਕਾਰ ਹੈ…..ਆਉਣ ਵਾਲੇ ਦਿਨਾਂ ‘ਚ ਹੋਰ ਪੰਜਾਬੀ ਫ਼ਿਲਮਾਂ ‘ਚ ਵੀ ਉਸਨੂੰ ਦੇਖਣ ਦੀ ਤਾਂਘ ਰਹੇਗੀ.
ਫਿਲਮ ਦੀਆਂ ਦੋਵੇਂ ਕੁੜੀਆਂ ਪਹਿਲੀ ਵਾਰ ਪਰਦੇ ਤੇ ਆਈਆਂ ਹਨ….ਉਸ ਹਿਸਾਬ ਨਾਲ ਉਹਨਾਂ ਨੇ ਆਪੋ ਆਪਣੇ ਰੋਲਾਂ ਨਾਲ ਪੂਰਾ ਨਿਆਂ ਕੀਤਾ ਹੈ…ਕਿਸੇ ਸੀਨ ‘ਚ ਵੀ ਉਹ ‘ਔਡ’ ਨਹੀਂ ਲਗਦੀਆਂ.
ਕਰਮਜੀਤ ਅਨਮੋਲ ਵੀ ਫਿਲਮ ‘ਚ ਹੈ ….ਇੱਕ ਛੜੇ ਦੇ ਕਿਰਦਾਰ ਨੂੰ ਉਸਨੇ ਜਿਸ ਤਰੀਕੇ ਨਾਲ ਨਿਭਾਇਆ ਹੈ ਉਸਨੂੰ ਦੇਖਦੇ ਹੋਏ ਨੀ ਲਗਦੈ ਕਿ ਉਹ ਵਿਆਹਿਆ ਹੋਇਆ ਹੈ….
ਰੋਸ਼ਨ ਪ੍ਰਿੰਸ ਦੀ ਹਰ ਮੂਵੀ ਦਾ ਮਿਊਜ਼ਿਕ ਵਧੀਆ ਹੁੰਦਾ ਹੈ ਪਰ ਇਸ ਵਾਰ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਲਗਦੀ ਹੈ.
ਅੰਤਿਕਾ :
ਜੇ ਤੁਸੀਂ ਵਧੀਆ ਤੇ ਲੀਕ ਤੋਂ ਹਟਕੇ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹੋ ਤਾ ‘ਮੈਂ ਤੇਰੀ ਤੂੰ ਮੇਰਾ’ ਤੁਹਾਡੀ ਫਿਲਮ ਹੈ…..ਪੁਰਾਣੇ ਪੰਜਾਬ ਨੂੰ ਦਰਸਾਉਂਦੀਆਂ ਪੰਜਾਬੀ ਫ਼ਿਲਮਾਂ ਦੀ ਅਗਲੀ ਕੜੀ ਹੈ ‘ਮੈਂ ਤੇਰੀ ਤੂੰ ਮੇਰਾ’
ਫਿਲਮ ‘ਦੇ ਹਰ ਪਹਿਲੂ ‘ਤੇ ਜਿੰਨੀਂ ਮਿਹਨਤ ਕੀਤੀ ਗਈ ਹੈ ਜੇ ਉੱਨੀ ਮਿਹਨਤ ਕਹਾਣੀ ਤੇ ਸਕਰੀਨ ਪਲੇ ਤੇ  ਵੀ  ਕਰ ਲਈ ਜਾਂਦੀ ਤਾਂ ਇਹ ਫਿਲਮ ਇੱਕ ਮਾਸਟਰ ਪੀਸ ਬਣ ਸਕਦੀ ਸੀ.
ਕੁੱਲ ਮਿਲਾ ਕੇ ‘ਮੈਂ ਤੇਰੀ ਤੂੰ ਮੇਰਾ’ ਰੋਸ਼ਨ ਪ੍ਰਿੰਸ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਹੈ……ਆਲ੍ਹਾ ਦਰਜ਼ੇ ਦਾ ਨਿਰਦੇਸ਼ਨ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ………ਰੋਸ਼ਨ ਪ੍ਰਿੰਸ ‘ਤੇ ਉਸਦੀ ਟੀਮ ਨੇ ਆਪਣੇ ਵਲੋਂ ਸਿਰ ਤੋੜ ਮਿਹਨਤ ਕਰਕੇ ਇਹ ਫਿਲਮ ਬਣਾਈ ਹੈ……ਜੇ ਅਸੀਂ ਚਾਹੁੰਦੇ ਹਾਂ ਕਿ ਰੋਸ਼ਨ ਪ੍ਰਿੰਸ ਵਰਗੇ ਸਿਰੜੀ ਕਲਾਕਾਰ ਪੰਜਾਬੀ ਸਿਨਮੇ ਨਾਲ ਜੁੜੇ ਰਹਿਣ ਤਾਂ ਸਾਨੂੰ ਸਾਰਿਆਂ ਨੂੰ ਸਿਨਮੇ ‘ਚ ਜਾ ਕੇ ਇਹ ਫਿਲਮ ਦੇਖਣੀ ਚਾਹੀਦੀ ਹੈ…..ਤੁਹਾਡੇ ਘਰ ਦੀ ਵੀਡੀਓ ਲਾਇਬ੍ਰੇਰੀ ‘ਚ ਇਸ ਫਿਲਮ ਨਾਲ ਇੱਕ ਹੋ ਇਜ਼ਾਫਾ ਹੋਣ ਜਾ ਰਿਹਾ ਹੈ-ਇਹ ਸਾਡਾ ਦਾਅਵਾ ਹੈ.

Stars:3.5/5

  • Roshan Prince as Amru
  • Mankirt Aulakh as Keerat
  • Yamini Malhotra as Kammo
  • Jazz Sodhi as Simi
  • Karamjit Anmol
  • Anita Devgan as Amru’s mother
  • Mannat Singh Kammo’s sister
  • Gurpreet Kaur Bhangu
  • Harinder Bhullar as Amru’s brother

 

COMMENTS

WORDPRESS: 0
DISQUS: 0