" ਦਾਰੋ " ਦਾ ਅਨੁਭਵ ਮੇਰੇ ਲਈ ਪੁਨਰ - ਜਨਮ ਵਰਗਾ ਹੈ । ਮੈਂ "ਮਰਜਾਣੇ " ਦਾ ਸ਼ੂਟ 6 ਮਾਰਚ 2019 ਖ਼ਤਮ ਕੀਤਾ ਸੀ , ਉਸ ਤੋਂ ਬਾਅਦ ਸਵਾ ਦੋ ਸਾਲ ਕਰੋਨਾ ਦੀ ਭੇਂਟ ਚੜ੍ਹ ਗਏ ਅਤੇ ਫੇਰ
” ਦਾਰੋ ” ਦਾ ਅਨੁਭਵ ਮੇਰੇ ਲਈ ਪੁਨਰ – ਜਨਮ ਵਰਗਾ ਹੈ । ਮੈਂ “ਮਰਜਾਣੇ ” ਦਾ ਸ਼ੂਟ 6 ਮਾਰਚ 2019 ਖ਼ਤਮ ਕੀਤਾ ਸੀ , ਉਸ ਤੋਂ ਬਾਅਦ ਸਵਾ ਦੋ ਸਾਲ ਕਰੋਨਾ ਦੀ ਭੇਂਟ ਚੜ੍ਹ ਗਏ ਅਤੇ ਫੇਰ ਦੀਪ ਚਲਾ ਗਿਆ … । ਦੀਪ ਦੇ ਜਾਣ ਤੋਂ ਲਗਭਗ 8 ਮਹੀਨੇ ਬਾਅਦ ਮੈਂ ਆਪਣੀ ਟੀਮ ਨਾਲ 1 ਅਕਤੂਬਰ ਨੂੰ ” ਦਾਰੋ ” ਦੀ ਸ਼ੂਟਿੰਗ ਸ਼ੁਰੂ ਕੀਤੀ , ਹੁਣ ” ਦਾਰੋ ” ਦਾ ਪਹਿਲਾ ਸੀਜ਼ਨ ਲਗਭਗ ਪੂਰਾ ਹੋਣ ਵਾਲਾ ਹੈ । ਇਹ ਆਪਣੀ ਪਹਿਲੀ ਵੈੱਬ ਸੀਰੀਜ਼ ਹੈ , ਇਸਨੂੰ ਬਣਾਉਣਾ ਮੇਰੇ ਲਈ ਬਹੁਤ ਹੀ ਔਖਾ ਅਤੇ ਅਸੰਭਵ ਸੀ । ਇਸਦਾ ਕਾਰਨ ਮੁੱਖ ਰੂਪ ਵਿੱਚ ਇਹ ਹੈ ਕਿ ਪੰਜਾਬੀ ‘ ਚ ਕੋਈ ਚੰਗਾ OTT ਪਲੇਟਫਾਰਮ ਨਹੀਂ ਹੈ ਇਸ ਲਈ ਕੋਈ ਵੀ ਪ੍ਰੋਡਿਊਸਰ ਵੈੱਬ ਸੀਰੀਜ਼ ਤੇ ਪੈਸਾ ਲਾਉਣ ਲਈ ਰਾਜ਼ੀ ਨਹੀਂ ਹੁੰਦਾ , ਦੂਜਾ ਕਾਰਨ ਇਹ ਹੈ ਕਿ ਪੰਜਾਬੀ ਫਿਲਮ ਇੰਡਸਟਰੀ ‘ ਚ ਲੀਕ ਤੋਂ ਹਟਕੇ ਕੰਮ ਕਰਨ ਵਾਲਿਆਂ ਦਾ ਸਾਥ ਬਹੁਤ ਹੀ ਘੱਟ ਲੋਕ ਦਿੰਦੇ ਹਨ , ਸੋ ” ਦਾਰੋ ” ਵਰਗਾ ਵੱਡੇ ਕੈਨਵਸ ਵਾਲਾ ਸਬਜੈਕਟ ਪੰਜਾਬੀ ‘ ਚ ਬਣਾਉਣਾ ਵੱਡੀ ਸਟਾਰ ਕਾਸਟ ਵਾਲੀ ਫਿਲਮ ਬਣਾਉਣ ਤੋਂ ਵੀ ਔਖਾ ਹੈ , ਸੋ ਮੈਂ ਨਿਹਚਾ ਨਾਲ ਪ੍ਰੋਡਿਊਸਰ ਦੀ ਭਾਲ ਕਰਦਾ ਰਿਹਾ , ਕੁੱਝ ਗਲਤੀਆਂ ਮੇਰੇ ਤੋਂ ਵੀ ਹੋਈਆਂ ਪਰ ਆਖਿਰ ਇਸ 1 ਅਕਤੂਬਰ ਨੂੰ ਅਸੀਂ ” ਦਾਰੋ ” ਨੂੰ ਸੈੱਟ ‘ ਤੇ ਲੈ ਹੀ ਗਏ । ਅਜਿਹੇ ਸਮੇਂ ਮੇਰੇ ਲਈ ਰੀੜ ਦੀ ਹੱਡੀ ਬਣੇ ਮੇਰੇ ਵੀਰ ਜੀਤ ਜ਼ਹੂਰ ( ਪਰਮਿੰਦਰਜੀਤ ) ਅਤੇ ਜਤਿੰਦਰਜੀਤ , ਜਿੰਨਾਂ ਨੇ ਦੀਪ ਦੇ ਜਾਣ ਤੋਂ ਬਾਅਦ ਮੈਨੂੰ ਦੁਬਾਰਾ ਕੰਮ ਕਰਨ ਦਾ ਹੌਸਲਾ ਦਿੱਤਾ , ਫੇਰ ਸਾਡੀ ਪਿੱਠ ‘ ਤੇ ਖੜੇ ਵੀਰ ਫਤਹਿ ਚਹਿਲ ਅਤੇ ਅੰਮ੍ਰਿਤ ਸਿੰਘ ਸਿੱਧੂ ( ਮਿਊਜ਼ਿਕ ਇੰਮਪਾਇਰ ) । ਸਾਡੀ ਅਦਾਕਾਰਾ ਕੁੱਲ ਸਿੱਧੂ ਵੀ ਮੇਰੇ ਵਾਂਗ ਹੀ ਦੀਪ ਦੇ ਵਿਯੋਗ ਵਿੱਚ ਸੀ ਪਰ ਕੁਦਰਤ ਵੱਲੋਂ ਉਸ ‘ ਤੇ ਮਿਹਰ ਹੋਈ ਅਤੇ ਉਸਨੂੰ ਇੰਨਾਂ ਦਿਨਾਂ ‘ ਚ ਬਤੌਰ ਅਦਾਕਾਰਾ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਚਾਰ ਪੰਜ ਵੱਡੇ ਪ੍ਰੋਜੈਕਟ ਮਿਲ ਗਏ , ਇਹਦੇ ਨਾਲ ਅਸੀਂ ਸਾਰੇ ਹੌਂਸਲੇ ‘ ਚ ਹੋ ਗਏ । ਮੈਂ ਆਪਣੇ ਦੋਸਤ ਅਦਾਕਾਰਾਂ ਨਾਲ ਇੱਕ ਇੱਕ ਕਰਕੇ ਗੱਲ ਕੀਤੀ , ਪੰਜਾਬ ‘ ਚ ਆਡੀਸ਼ਨ ਰੱਖੇ ਅਤੇ ” ਦਾਰੋ ” ਦੀ ਵੱਡੀ ਕਾਸਟ ਦੀ ਚੋਣ ਪੂਰੀ ਕੀਤੀ । ਸ਼ੂਟਿੰਗ ਲੋਕੇਸ਼ਨਜ਼ ਲਈ ਮੈਂ ਆਪਣੇ ਸੀਮਤ ਸਾਧਨਾਂ ਨੂੰ ਦੇਖਦੇ ਹੋਏ ਫੇਰ ਆਪਣੀ ਜਨਮ – ਭੂਮੀ ਬਠਿੰਡਾ ਨੂੰ ਚੁਣਿਆ । ਮੇਰੀ ਤਕਨੀਕੀ ਟੀਮ ‘ ਚ ਛੋਟਾ ਵੀਰ ਸਿਨੇਮਾਟੋਗਰਾਫਰ ਸ਼ਿਵਤਾਰ ਸ਼ਿਵ ਪਹਿਲੀ ਵਾਰ ਜੁੜਿਆ , ਐਡਿਟਿੰਗ ਦਾ ਜਿੰਮਾ ਹਰ ਵਾਰ ਦੀ ਤਰ੍ਹਾਂ ਮੁੰਬਈ ਵਾਲੇ ਹਾਰਦਿਕ ਸਿੰਘ ਰੀਣ ਨੇ ਸੰਭਾਲਿਆ , ਕੁੱਝ ਹੋਰ ਨਵੇਂ ਨਾਂਅ ਵੀ ਟੀਮ ‘ ਚ ਸ਼ਾਮਿਲ ਹੋਏ । ਬਤੌਰ ਪਾਤਰ ਕੁੱਝ ਦੋਸਤ ਚੰਗੇ ਅਦਾਕਾਰ ਆਪਣੇ ਰੁਝੇਵਿਆਂ ਅਤੇ ਮਜਬੂਰੀਆਂ ਕਰਕੇ ” ਦਾਰੋ ” ਦਾ ਹਿੱਸਾ ਨਹੀਂ ਬਣ ਸਕੇ , ਜਿਸਦਾ ਮੈਨੂੰ ਅਫ਼ਸੋਸ ਹੈ , ਕੁੱਝ ਕੁ ਜਾਣ ਬੁੱਝ ਕੇ ਨਾਂਹ ਕਰ ਗਏ , ਉਸਦਾ ਮੈਨੂੰ ਹਮੇਸ਼ਾਂ ਦੁੱਖ ਰਹੇਗਾ ।
ਡਾਇਰੈਕਸ਼ਨ ਟੀਮ ‘ ਚ ਬਤੌਰ ਅਸਿਸਟੈਂਟ ਸ਼ਾਮਿਲ ਸੈਵੀ ਮਾਂਗਟ , ਅਕੁੰਰ , ਸੁਖਚੈਨ , ਲੱਕੀ , ਸ਼ਰਨ ਅਤੇ ਸਾਂਵਲ , ਮੇਰੇ ਛੋਟੇ ਵੀਰ ਅਤੇ ਐਸੋਸੀਏਟ ਡਾਇਰੈਕਟਰ ਜੀਤ ਜ਼ਹੂਰ ਦੇ ਕਹਿਣੇ ‘ ਚ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੋਰ ਚੰਗਾ ਕੰਮ ਕਰਨਾ ਸਿੱਖ ਰਹੇ ਹਨ , ਬਾਕੀ ਆਰਟ ਟੀਮ , ਐਕਸ਼ਨ ਟੀਮ , ਮੇਕਅੱਪ , ਕਾਸਟਿਊਮ ਵਾਲੇ ਸਭ ਆਪਣਾ ਕੰਮ ਤਨਦੇਹੀ ਨਾਲ ਕਰ ਰਹੇ ਹਨ , ਜਿਸਦੀ ਮੈਨੂੰ ਤਸੱਲੀ ਅਤੇ ਖੁਸ਼ੀ ਹੈ । ਮੈਂ ਹਰ ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ ਕੰਮ ਆਪਣੀ ਨਿਗਰਾਨੀ ‘ ਚ ਕਰਦਾ / ਕਰਵਾਉਂਦਾ ਹਾਂ , ਇਸਦੀ ਮੈਨੂੰ ਖੁਸ਼ੀ ਹੈ ਕਿ ਮੇਰੀ ਟੀਮ ਦੇ ਨਵੇਂ ਪੁਰਾਣੇ ਸਾਰੇ ਮੈਂਬਰ ਬਿਨਾਂ ਕਹੇ ਤੋਂ ਹੀ ਮੇਰੀ ਗੱਲ ਸਮਝ ਜਾਂਦੇ ਹਨ ਕਿ ਮੈਂ ਕੀ ਚਾਹੁੰਦਾ ਹਾਂ । ” ਦਾਰੋ ” ਦੇ ਸੈੱਟ ‘ ਤੇ ਚਾਹ ਪਾਣੀ ਫੜਾਉਣ ਵਾਲੇ ਅਤੇ ਖਾਣਾ ਖੁਆਉਣ ਵਾਲੇ ਸਾਡੇ ਵੀਰ ਮੈਨੂੰ ਪਿਆਰੇ ਹਨ , ਜੋ ਬੰਦਾ ਆਪਣੇ ਕਿਸੇ ਨਿੱਜੀ ਕੰਮ ਕਰਕੇ ਚਲਾ ਜਾਂਦਾ ਹੈ ਤਾਂ ਮੈਂ ਉਸਨੂੰ ਰੋਜ਼ ਯਾਦ ਕਰਦਾ ਹਾਂ , ਇਹ ਮੇਰਾ ਸੁਭਾਅ ਹੈ । ਮੈਂ ਵਿਸ਼ੇਸ਼ ਤੌਰ ਤੇ ਵੀਰ ਕਰਮਜੀਤ ਅਨਮੋਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾਂ ਦਾ ਅਖਾੜਾ ” ਦਾਰੋ ” ਦਾ ਮਾਣਯੋਗ ਹਿੱਸਾ ਹੈ , ਉਨ੍ਹਾਂ ਦਾ ਸਾਥ ਦਿੱਤਾ ਹੈ ਗੁਰਲੇਜ਼ ਅਖ਼ਤਰ ਜੀ ਨੇ ।
ਆਪ ਸਭ ਦਾ ਸਾਥ ਇੰਝ ਹੀ ਬਣਿਆ ਰਹੇ , ਬਾਕੀ ” ਦਾਰੋ ” ਕੀ ਹੈ , ਇਹ ਕੱਲ ਨੂੰ ” ਦਾਰੋ ” ਆਪ ਦੱਸੇਗੀ ਜਦ ਤੁਸੀਂ ਉਸਨੂੰ ਦੇਖੋਂਗੇ । ਉਸਦੇ ਬਾਰੇ ਮੈਂ ਆਪਣੇ ਮੂੰਹੋਂ ਕੁੱਝ ਨਹੀਂ ਕਹਿਣਾ , ਹਾਂ ਇੱਕ ਗੱਲ ਆਖਿਰ ‘ ਚ ਜਾਂਦੇ ਜਾਂਦੇ ਜ਼ਰੂਰ ਕਹਾਂਗਾ , ਉਹ ਇਹ ਕਿ ” ਦਾਰੋ ” ਦੇ ਮੁੱਖ ਪਾਤਰਾਂ ਕੁੱਲ ਸਿੱਧੂ , ਗੁਰੀ ਤੂਰ , ਨਵੀਂ ਭੰਗੂ , ਅਮਨ ਸੁਤਧਾਰ , ਰਾਹੁਲ ਜੁੰਗਰਾਲ , ਬਲਵਿੰਦਰ ਧਾਲੀਵਾਲ , ਹਰਿੰਦਰ ਭੁੱਲਰ , ਹੈਰੀ ਚੌਹਾਨ , ਮਨੀ ਕੁਲਾਰ ਨਾਲ ਮੈਂ ਭਵਿੱਖ ਵਿੱਚ ਜਲਦ ਹੀ ਇੱਕ ਪੰਜਾਬੀ ਫੀਚਰ ਫਿਲਮ ਕਰਾਂਗਾ , ਬਹੁਤ ਸਾਰੇ ਨਵੇਂ ਚਿਹਰੇ ਵੀ ਇਸਦਾ ਹਿੱਸਾ ਹੋਣਗੇ ਜਿਵੇਂ ਉਹ ” ਦਾਰੋ ” ਦਾ ਹਿੱਸਾ ਹਨ ।
ਵਾਹਿਗੁਰੂ ਮਿਹਰ ਕਰਨ , ਮੇਰੇ ਹਰ ਸੁਭਚਿੰਤਕ ਅਤੇ ਹਰ ਮੱਦਦਗਾਰ ਦਾ ਤਹਿ ਦਿਲੋਂ ਧੰਨਵਾਦ !
#ਅਮਰਦੀਪ ਗਿੱਲ
COMMENTS