HomeSlider

An Open Letter To Punjabi Artists

ਕਿਤੇ ਕਿਤੇ ਕੌੜਾ ਕਸੈਲਾ ਵੀ ਖਾ ਲਿਆ ਕਰੋ-ਪੰਜਾਬੀ ਕਲਾਕਾਰੋ   ਗਿੱਪੀ ਗਰੇਵਾਲ ਬੜਾ ਵਧੀਆ ਕਲਾਕਾਰ ਹੈ.ਗਾਹੇ ਬ ਗਾਹੇ ਉਸਦੀ ਕਲਾਕਾਰੀ ਦੀ ਚਰਚਾ ਇਹਨਾਂ ਕਲਮਾਂ 'ਚ ਹੁੰਦੀ ਰਹਿ

‘ਭੱਜੋ ਵੀਰੋ ਵੇ’ ਹੁਣ ਸ਼ੁਕਰਵਾਰ ਦੀ ਬਜਾਏ ਸ਼ਨੀਵਾਰ ਨੂੰ ਲੱਗੇਗੀ
ਕੌਡੀਆਂ ਦੇ ਭਾਅ ਵਿਕ ਰਹੀ ਹੈ – ਸੋਸ਼ਲ ਮੀਡੀਆ ਦੀ ਪੱਤਰਕਾਰੀ
ਸਾਡਾ ਦੋਸਾਝਾਂ ਵਾਲਾ ਦਿਲਜੀਤ

ਕਿਤੇ ਕਿਤੇ ਕੌੜਾ ਕਸੈਲਾ ਵੀ ਖਾ ਲਿਆ ਕਰੋ-ਪੰਜਾਬੀ ਕਲਾਕਾਰੋ

 

11

ਗਿੱਪੀ ਗਰੇਵਾਲ ਬੜਾ ਵਧੀਆ ਕਲਾਕਾਰ ਹੈ.ਗਾਹੇ ਬ ਗਾਹੇ ਉਸਦੀ ਕਲਾਕਾਰੀ ਦੀ ਚਰਚਾ ਇਹਨਾਂ ਕਲਮਾਂ ‘ਚ ਹੁੰਦੀ ਰਹਿੰਦੀ ਹੈ.ਅਰਦਾਸ,ਜੱਟ ਜੇਮਜ਼ ਬੌਂਡ,ਮੇਲ ਕਰ ਦੇ ਰੱਬਾ,ਕੈਰੀ ਆਨ ਜੱਟਾ,ਮਿਰਜ਼ਾ,ਫਰਾਰ ਲੌਕ ਵਗੈਰਾ ਦੀ ਅਸੀਂ ਰੱਜ ਕੇ ਤਾਰੀਫ ਵੀ ਕੀਤੀ ਸੀ….ਤੇ ਕੁਝ ਇੱਕ ਫ਼ਿਲਮਾਂ ਅਜਿਹੀਆਂ ਵੀ ਸਨ ਜਿਨ੍ਹਾਂ ਦੀ ਅਸੀਂ ਖੁਲ੍ਹ ਕੇ ਆਲੋਚਨਾ ਕੀਤੀ.ਪਰ ਲਗਦੈ ਪੰਜਾਬੀ ਕਲਾਕਾਰ ਮਿੱਠਾ ਖਾਣ ਦੇ ਕੁਝ ਜਿਆਦਾ ਹੀ ਆਦੀ ਹੋ ਗਏ ਹਨ…….ਪਿੱਛਲੇ ਦਿਨੀਂ ਇਹਨਾਂ ਕਲਮਾਂ ‘ਚ ਸਾਡੇ ਲੇਖਕ ਮਨਦੀਪ ਕੇ ਦੇ ਲੇਖ What’s wrong with Gippy ਨੂੰ ਗਿੱਪੀ ਕੁਨੈਣ ਦੀ ਗੋਲੀ ਸਮਝ ਬੈਠਾ ਤੇ ਗੁੱਸੇ ‘ਚ ਟਵੀਟਰ ਤੇ ਫੇਸਬੁੱਕ ‘ਤੋਂ ਸਾਨੂੰ ਬਲੌਕ ਈ ਕਰ ਦਿੱਤਾ.
ਉੱਘੇ ਪੰਜਾਬੀ ਲੇਖਕ ਐਸ.ਅਸ਼ੋਕ ਭੌਰਾ ਦਾ ਪੰਜਾਬੀ ਕਲਾਕਾਰਾਂ ਨਾਲ ਬਹੁਤ ਨੇੜਿਓਂ ਵਾਸਤਾ ਰਿਹਾ ਹੈ.ਪੂਰੇ ਤੀਹ ਸਾਲ ਇਹਨਾਂ ਨਾਲ ਘਿਓ ਖਿਚੜੀ ਰਹਿਣ ਦੇ ਬਾਵਜ਼ੂਦ ਉਹਨਾਂ ਦਾ ਜਾਤੀ ਤਜ਼ੁਰਬਾ ਕੁਸੈਲਾ ਰਿਹਾ,ਜਿਸਦਾ ਜਿਕਰ ਉਹ ਅਕਸਰ ਕਰਦੇ ਹਨ. ਅਸ਼ੋਕ ਭੌਰੇ ਦੇ ਕਹਿਣ ਮੁਤਾਬਿਕ “ਪੰਜਾਬੀ ਗਾਇਕੀ ਜੋ ਮੁਕੰਮਲ ‘ਟਰੇਡ’ ਬਣ ਗਈ ਹੈ, ਉਹਦਾ ਬਹੁਤਾ ਨੁਕਸਾਨ ਇਸ ਕਰਕੇ ਹੋਇਆ ਹੈ ਕਿ ਇਹਦੇ ਆਲੋਚਕ ਨਹੀਂ ਪੈਦਾ ਹੋ ਸਕੇ। ਜਿਨ੍ਹਾਂ ਨੇ ਵੀ ਕਲਮ ਦਵਾਤ ਚੁੱਕੀ, ਉਹ ਬਹੁਤਾ ਕਰਕੇ ਇਨ੍ਹਾਂ ਦੇ ਲੋਕ ਸੰਪਰਕ ਲੇਖਕ ਹੀ ਬਣੇ ਰਹੇ। ਆਲੋਚਨਾ ਗਾਇਕਾਂ ਨੇ ਝੱਲੀ ਹੀ ਨਹੀਂ ਹੈ। ਇਹਦੀ ਇਕ ਉਦਾਹਰਣ ਮੈਂ ਇਥੇ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹਾਂਗਾ। ਮੈਂ ਗਾਇਕਾਂ, ਢਾਡੀਆਂ, ਗੀਤਕਾਰਾਂ, ਸੰਗੀਤਕਾਰਾਂ ਬਾਰੇ ਲਿਖਦਾ ਲਿਖਦਾ ਬੁੱਢਾ ਹੋ ਚੱਲਿਆ ਹਾਂ। ਗੁਰਦਾਸ ਮਾਨ ਆਮ ਪੰਜਾਬੀਆਂ ਵਾਂਗ ਮੇਰੇ ਵੀ ਸਤਿਕਾਰ ਦਾ ਪਾਤਰ ਰਿਹਾ ਹੈ। ਜਿੰਨਾ ਵੀ ਮੈਂ ਉਹਦੇ ਬਾਰੇ ‘ਗੱਲੀਂ ਬਾਤੀਂ’ ਪੁਸਤਕ ਤੀਕਰ ਲਿਖਿਆ ਹੈ, ਚੰਗੇ ਸ਼ਬਦਾਂ ਦੀਆਂ ਜਾਦੁੂਮਈ ਪੂਣੀਆਂ ਕੱਤਣ ਦੀ ਕੋਸ਼ਿਸ਼ ਕੀਤੀ ਹੈ ਵਾਪਰਿਆ ਇੰਜ ਕਿ ਫਰਿਜ਼ਨੋ (ਕੈਲੀਫੋਰਨੀਆ) ਵਿਚ ਗੁਰਦਾਸ ਮਾਨ ਦਾ ਸ਼ੋਅ ਸੀ। ਮੈਂ ਸਟੇਜ ਚਲਾਉਣੀ ਸੀ। ਪ੍ਰੋਗਰਾਮ ਚੱਲਣ ਵਿਚ ਘੰਟਾ ਕੁ ਬਾਕੀ ਸੀ। ਸਟੇਜ ਦੇ ਪਿੱਛੇ ਗਿਆ ਤਾਂ ਘੁਸਰ-ਮੁਸਰ ਹੋ ਰਹੀ ਸੀ। ਲੋਕਲ ਪ੍ਰੋਮੋਟਰ ਦੇ ਚਿਹਰੇ ‘ਤੇ ਰੌਣਕ ਫਿੱਕੀ ਜਿਹੀ ਸੀ। ਮੈਂ ਪੁੱਛਿਆ, ‘ਡਾਕਟਰ ਸਾਹਿਬ ਮਾਜਰਾ ਕੀ ਐ?’ਡਾਕਟਰ ਆਂਹਦਾ, ‘ਇੰਟਰਨੈਸ਼ਨਲ ਪ੍ਰੋਮੋਟਰ ਖਫ਼ਾ ਹੈ ਕਿ ਅਸ਼ੋਕ ਭੌਰੇ ਨੂੰ ਸਟੇਜ ‘ਤੇ ਨਹੀਂ ਚੜ੍ਹਨ ਦੇਣਾ। ਇਹਨੇ ਪਿੱਛੇ ਜਿਹੇ ਬਾਈ ਗੁਰਦਾਸ ਦੇ ਖ਼ਿਲਾਫ਼ ਲਿਖਿਆ ਹੈ।’
ਹਾਲਾਤ ਇਹ ਬਣੇ ਜਿਵੇਂ ਲੱਤ ਟੁੱਟੀਵਾਲਾ ਬੰਦਰ ਫਿਰ ਕੋਠੇ ਤੋਂ ਡਿੱਗ ਪਿਆ ਹੋਵੇ। ‘ਗੱਲੀਂ ਬਾਤੀਂ’ ਪੁਸਤਕ ਵਿਚ ‘ਗੱਗਾ ਗੁਰਦਾਸ ਮਾਨ’ ਫਿਰ ਇਨ੍ਹਾਂ ਪੜ੍ਹਿਆ ਈ ਨਹੀਂ। ਤੀਹ ਸਾਲ ਇਨ੍ਹਾਂ ਬਾਰੇ ਲਿਖ ਕੇ, ਗੁਰਦਾਸ ਮਾਨ ਬਾਰੇ ‘ਅਜੀਤ’ ਤੋਂ ਅਮਰੀਕਾ ਤੱਕ ਕਾਗਜ਼ ਕਾਲੇ ਕਰਨ ਦਾ ਆਹ ਤੋਹਫ਼ਾ ਜਿਵੇਂ ਬੇਹੇ ਫੁੱਲਾਂ ਦਾ ਹਾਰ ਧੱਕੇ ਨਾਲ ਵੀ ਸ਼ਰਾਰਤ ਨਾਲ ਵੀ ਮੇਰੇ ਗੱਲ ਪਾ ਦਿੱਤਾ ਹੋਵੇ।
ਫਿਰ ਮੈਨੂੰ ਲਾਹੌਰ ਨੂੰ ਕਸ਼ਮੀਰ ਥਾਣੀਂ ਹੋ ਕੇ ਜਾਣਾ ਵੀ ਲੰਬਾ ਸਫ਼ਰ ਨਹੀਂ ਲੱਗ ਰਿਹਾ ਸੀ। ਹੁਣ ਮਹਿਸੂਸ ਕਰਦਾ ਹਾਂ ਕਿ ਲਿਖਦਾ ਤਾਂ ਤੀਹ ਸਾਲ ਰਿਹਾ ਪਰ ਖੇਤਰ ਗਲਤ ਸੀ। ਰੇਤਲੇ ਟਿੱਬਿਆਂ ‘ਚ ਝੋਨਾ ਲਾਉਣ ਦਾ ਯਤਨ ਮੇਰੀ ਮੂਰਖਤਾ ਤੋਂ ਵੱਧ ਕੁਝ ਨਹੀਂ ਸੀ। ਮੈਨੂੰ ਉਸ ਦਿਨ ਅਹਿਸਾਸ ਹੋਇਆ ਸੀ ਕਿ ਤੀਹ ਸਾਲਾਂ ‘ਚ ਲਿਖੀਆਂ ਹਜ਼ਾਰਾਂ ਸਤਰਾਂ ਦਾ ਆਹ ਮੁੱਲ! ਤੇ ਮੁੱਲ ਪਾਉਣ ਵਾਲੇ ਇਹ ਸਾਜ਼ੀ ਸਲਾਹਕਾਰ ਉਦੋਂ ਦੁੱਧ ਹੀ ਚੁੰਘਦੇ ਹੋਣਗੇ ਜਦੋਂ ਮੈਂ ਲਿਖਣ ਲੱਗਾ ਸੀ!
ਆਲੋਚਨਾ ਤੋਂ ਕੰਨੀ ਕਤਰਾਉਣ ਵਾਲਾ ਇਕੱਲਾ ਗਿੱਪੀ ਹੀ ਨਹੀਂ ਉਹਦੇ ਤਕਰੀਬਨ ਸਾਰੇ ਸਮਕਾਲੀ ਕਲਾਕਾਰਾਂ ਦਾ ਵੀ ਇਹੋ ਹਾਲ ਹੈ……ਜਿੰਨਾਂ ਚਿਰ ਉਹਨਾਂ ਦੀਆ ਸਿਫਤਾਂ ਹੁੰਦੀਆਂ ਰਹਿਣ ਠੀਕ ਹੈ ਕੋਈ ਗੱਲ ਗਿੱਟੇ ਗੋਡੇ ਲੱਗ ਗਈ ਇੱਕ ਦਮ ਟੀਟਣਾ ਮਾਰ ਕੇ ਬਹਿ ਜਾਂਦੇ ਹਨ ਤੁਹਾਨੂੰ ਪਤਾ ਵੀ ਨਹੀਂ ਲਗਦਾ ਕਈ ਆਖਿਰ ਗੱਲ ਹੋਈ ਕੀ?
ਅਸ਼ੋਕ ਮੁਤਾਬਿਕ ਇਹ ਖੇਤਰ ਸੁਆਰਥੀ, ਮਤਲਬੀ ਤੇ ਸੱਪ ਕੱਢਣ ਵਾਲਿਆਂ ਦਾ ਵੱਧ ਬਣਦਾ ਜਾ ਰਿਹਾ ਹੈ। ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਐ ਤਾਂ ਮੱਖੀਆਂ ਵਾਂਗ ਆਲੇ-ਦੁਆਲੇ ਚਮਚਿਆਂ ਦੀ ਵਾੜ ਸਲਾਹਕਾਰਾਂ ਦੇ ਰੂੁਪ ਵਿਚ ਕਰ ਲੈਂਦੇ ਨੇ। ਜਿਹੜੇ ਗਾਇਕ ਇਹ ਕਹਿਣ ਕਿ ਦੌਲਤਾਂ ਤੇ ਸ਼ੋਹਰਤਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ, ਉਨ੍ਹਾਂ ਬੀਬਿਆਂ ਨੂੰ ਪੁੱਛੋ ਕਿ ਜਦੋਂ ਗੱਡੀ ਦੌੜਨ ਲੱਗਦੀ ਹੈ ਤਾਂ ਪਹਿਲੇ ਸਾਲ ਲੱਖ ਤੇ ਅਗਲੇ ਸਾਲ ਪੰਜ-ਸੱਤ ਲੱਖ ਕਿਵੇਂ ਹੋ ਜਾਂਦਾ ਹੈ? ਜਾਨਣ ਵਾਲਿਆਂ ਨੂੰ ਪੁੱਛ ਕੇ ਦੇਖੋ ਕਿ ਜਦੋਂ ਇਹ ਪਹਿਲੇ ਸਾਲ ਵਿਦੇਸ਼ਾਂ ਵੱਲ ਡਾਲਰਾਂ/ਪੌਂਡਾਂ ‘ਤੇ ਅੱਖ ਰੱਖ ਕੇ ਉਡਾਣ ਭਰਦੇ ਨੇ ਤਾਂ ਜਹਾਜ਼ ‘ਚ ਬਹਿ ਕੇ ਨਾਲ ਦੇ ਨੂੰ ਕਹਿਣਗੇ, ‘ਬੰਦੇ’ ਸੱਚੀਂ ਕੀੜੀਆਂ ਵਰਗੇ ਲਗਦੇ ਨੇ’ ਤਾਂ ਅਗਲੇ ਸਾਲ ਜਦੋਂ ਦਿਮਾਗ ਦੇ ਕੀੜੇ ਦੀ ਸ਼ੋਹਰਤ ਵਿਚ ਸ਼ੁਦਾਈ ਹੁੰਦੇ ਨੇ ਤਾਂ ਥੱਲੇ ਖੜ੍ਹੇ ਉਪਰ ਨੂੰ ਮੂੰਹ ਕਰਕੇ ਕਹਿਣਗੇ, ‘ਜਹਾਜ਼ ਵੀ ਕੀੜੀਆਂ ਵਰਗੇ ਦਿਸਦੇ ਆ।’ ਪੈਸੇ ਨਾਲ ਦਿਮਾਗ ਦਾ ਸੰਤੁਲਨ ਵਿਗੜ ਜਾਣ ਕਾਰਨ ਮੱਲੋ-ਮੱਲੀ ਹੀ ਮੂੰਹੋਂ ‘ਰੋਟੀ’ ਦੀ ਥਾਂ ‘ਚੋਚੀ’ ਨਿਕਲ ਜਾਂਦਾ ਹੈ।ਜਿਨ੍ਹਾਂ ਨੂੰ ਇਹ ਰੱਬ ਵਰਗੇ ਸਰੋਤੇ ਕਹਿੰਦੇ ਹਨ, ਇਨ੍ਹਾਂ ਨੂੰ ਕਿਤੇ ਮਿਲਣ ਜਾਇਓ ਜਾਂ ਪ੍ਰੋਗਰਾਮ ਤੋਂ ਬਾਅਦ ਫੋਟੋਆਂ ਖਿਚਣਾਉਣ ਵੇਲੇ ਦੀ ਹਾਲਤ ਦੇਖਿਓ, ਆਪੇ ਪਤਾ ਲੱਗ ਜਾਵੇਗਾ ਕਿ ‘ਰੱਬ ਕੌਣ ਹੈ!….”
ਇਹ ਗੱਲ ਕਹਿਣ ਵਿਚ ਮੈਂ ਗੁਰੇਜ਼ ਨਹੀਂ ਕਰਾਂਗਾ ਕਿ ਇਨ੍ਹਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ। ਇਸ ਦਾ ਬਹੁਤ ਵੱਡਾ ਕਾਰਨ ਇਹ ਰਿਹਾ ਹੈ ਕਿ ਪਹਿਲੀਆਂ ਵਿਚ ਇਹ ਬਹੁਤ ਪੜ੍ਹੇ-ਲਿਖੇ ਨਹੀਂ ਸਨ, ਇਸ ਲਈ ਸੱਚ ਇਹ ਵੀ ਹੈ ਕਿ ਸ਼ਮਸ਼ੇਰ ਸੰਧੂ ਵੀ ਸ਼ਾਇਦ ਸੁਰਿੰਦਰ ਸ਼ਿੰਦੇ ਤੋਂ ਸਿਵਾ ਕਿਸੇ ਨੂੰ ਖੁਸ਼ ਨਹੀਂ ਕਰ ਸਕਿਆ ਸੀ। ‘ਲੋਕ ਸੁਰਾਂ’ ਤੋਂ ਬਾਅਦ ਮੈਂ ਉਹਦੇ ਨਾਲ ਕਰਨੈਲ ਗਿੱਲ ਵੀ ਆਫਰਿਆ ਵੇਖਿਆ, ਮਾਣਕ ਵੀ ਗਿਲੇ ਜ਼ਾਹਿਰ ਕਰਦਾ ਰਿਹਾ ਹੈ ਤੇ ਯਮਲਾ ਵੀ। ਸੁਦੇਸ਼ ਕਪੂਰ ਵੀ ਅੱਖਾਂ ਕੱਢਦੀ ਰਹੀ। ਨਵੀਂ ਪੀੜ੍ਹੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਗਾਇਕਾਂ ਬਾਰੇ ਲਿਖਣ ਤਾਂ ਕਈ ਲੱਗੇ ਪਰ ਇਨ੍ਹਾਂ ‘ਚੋਂ ਬਹੁਤੇ ਸਿਰਫ਼ ਇਨ੍ਹਾਂ ਦੇ ਹੀ ਲੋਕ ਸੰਪਰਕ ਲੇਖਕ ਬਣ ਗਏ। ਗਾਇਕਾਂ ਤੋਂ ਲੋਹੜੀ, ਨਵਾਂ ਸਾਲ, ਦੀਵਾਲੀ ਜਾਂ ਹੋਰ ਦਿਨ-ਤਿਉਹਾਰ ਮੰਗਣ ਜਾਣ ਵਾਲੇ ਪੱਤਰਕਾਰ ਲੇਖਕਾਂ ਤੋਂ ਆਸ ਕਰਨੀ ਹੀ ਉਚਿਤ ਨਹੀਂ ਹੈ ਕਿ ਉਹ ਇਨ੍ਹਾਂ ਦੀ ਆਲੋਚਨਾ ਕਰ ਕੇ ਜਾਂ ਮਾੜੇ ਪੱਖ ਨੂੰ ਉਭਾਰਨਗੇ। ਗਾਇਕੀ ਪੈਸੇ ਦੀ ਮੰਡੀ ਬਣ ਜਾਣ ਤੇ ਪ੍ਰਮੋਸ਼ਨ ਸਿਰਫ਼ ਇਸ਼ਤਿਹਾਰਾਂ ਜ਼ਰੀਏ ਹੋਣ ਕਰ ਕੇ ਉਸਾਰੂ ਨੁਕਤਾਚੀਨੀ ਦਾ ਭੋਗ ਪੈਂਦਾ ਜਾ ਰਿਹਾ ਹੈ। ਕਲਮ ਦੇ ਵਾਰਿਸ ਕਹਾਉਣ ਵਾਲੇ ਆਥਣੇ ਇਨ੍ਹਾਂ ਦਫਤਰਾਂ ਵਿਚ ਘੁੱਟ ਲਾਉਣ ਤੇ ਮੁਰਗੇ ਦੀਆਂ ਲੱਤਾਂ ਨਾਲ ਹੱਥੋਪਾਈ ਹੋਣ ਅਤੇ ਜੇਬ ਖਾਲੀ ਨਾ ਪਰਤਣ ਦੀ ਆਸ ਨਾਲ ਜਾਣ ਦੇ ਆਦੀ ਜਿਹੇ ਹੋ ਗਏ ਹਨ।
ਗਿੱਪੀ ਸਮੇਤ ਸਾਰੇ ਕਲਾਕਾਰਾਂ ਨੂੰ ਸਨਿਮਰ ਬੇਨਤੀ ਹੈ ਕਿ ਸੁਧੇ ਮਿੱਠੇ ਦੇ ਨਾਲ ਨਾਲ ਕਦੀ ਕਦੀ ‘ਕੌੜਾ ਕਸੈਲਾ’ ਵੀ ਖਾ ਲੈਣਾ ਚਾਹੀਦੈ ‘ਸਿਹਤ’ ਠੀਕ ਰਹਿੰਦੀ ਆ,ਤੇ ਬੰਦਾ ਬਾਏ-ਵਾਦੀ ਤੋਂ ਬਚਿਆ ਰਹਿੰਦੈ !

COMMENTS

WORDPRESS: 0
DISQUS: 0